ਲੰਬੀ ਹਲਕੇ ’ਚ ਝੋਨੇ ਦੀ ਸਿੱਧੀ ਬੀਜਾਂਦ ਪਈ ‘ਭ੍ਰਿਸ਼ਟਾਚਾਰ’ ਦੇ ਰਾਹ
ਇਕਬਾਲ ਸਿੰਘ ਸ਼ਾਂਤ
ਲੰਬੀ, 10 ਅਪਰੈਲ
ਪਿੰਡ ਕਿੱਲਿਆਂਵਾਲੀ ’ਚ ਝੋਨੇ ਦੀ ਸਿੱਧੀ ਬਿਜਾਈ ਰਾਹਾਂ ਤੋਂ ਭਟਕ ਕੇ ਕਥਿਤ ਭ੍ਰਿਸ਼ਟਾਚਾਰ ਦੇ ‘ਪੁੱਠੇ’ ਰਾਹ ਪੈ ਗਈ ਹੈ। ਦਰਅਸਲ, ਇੱਥੋਂ ਬੀਤੇ ਵਰ੍ਹੇ ਸਿੱਧੀ ਝੋਨਾ ਬੀਜਾਂਦ ਤਹਿਤ ਗੁਆਰਾ ਤੇ ਨਰਮਾ ਉਪਜ ਵਾਲੇ ਰਕਬੇ ਨੂੰ ਕਥਿਤ ਝੋਨਾ ਰਕਬਾ ਦਰਸਾ ਕੇ 533.44 ਏਕੜ ਰਕਬੇ ਦੇ ਅੱਠ ਲੱਖ ਰੁਪਏ ਦੇ ਸਰਕਾਰੀ ਉਤਸ਼ਾਹ ਫੰਡ ਨੂੰ ‘ਖੱਟਣ’ ਦੇ ਦੋਸ਼ ਲੱਗੇ ਹਨ। ਖੇਤੀਬਾੜੀ ਵਿਭਾਗ ਪੰਜਾਬ ਮੁਤਾਬਕ 2024-25 ’ਚ ਇੱਥੇ 24 ਕਿਸਾਨਾਂ ਨੇ ਲਗਭਗ 533.44 ਏਕੜ ਰਕਬੇ ਵਿੱਚ ਸਿੱਧੀ ਝੋਨਾ ਬੀਜਾਂਦ ਕੀਤੀ ਸੀ ਜਿਸ ਲਈ 15 ਸੌ ਰੁਪਏ ਪ੍ਰਤੀ ਏਕੜ ਉਤਸਾਹ ਫੰਡ ਦਿੱਤਾ ਗਿਆ। ਲਾਭਪਾਤਰੀ ਸਿਰਫ਼ ਦਸ ਪਰਿਵਾਰਾਂ ਦੇ ਮੈਂਬਰ ਦੱਸੇ ਜਾਂਦੇ ਹਨ। ਦੋਸ਼ ਮੁਤਾਬਕ ਉਤਸ਼ਾਹ ਫੰਡ ਦੇ ਲਾਲਚਵੱਸ ਕਿਨੂੰ ਦੇ ਬਾਗ ਤੱਕ ਸ਼ਾਮਲ ਕਰ ਦਿੱਤੇ ਗਏ। ਨਹਿਰੀ ਪਾਣੀ ਲਿਫ਼ਟ ਕਰ ਕੇ ਲਾਏ ਜਾਂਦੇ ਰਕਬਿਆਂ ਨੂੰ ਵੀ ਸਿੱਧੀ ਬਿਜਾਈ ਦੇ ਝੰਡੇਬਰਦਾਰ ਬਣਾ ਦਿੱਤਾ ਗਿਆ, ਜਿਨ੍ਹਾਂ ਵਿੱਚ ਸਿੱਧੀ ਬਿਜਾਈ ਸੰਭਵ ਹੀ ਨਹੀਂ। ਉਤਸ਼ਾਹ ਫੰਡ ਨੂੰ ਘਪਲੇ ਦਾ ਸ਼ਿਕਾਰ ਦੱਸਦੇ ਕਿਸਾਨਾਂ ਦਾ ਦਾਅਵਾ ਹੈ ਕਿ ਪਿੰਡ ’ਚ ਸਿਰਫ਼ ਕਰੀਬ 100 ਏਕੜ ਰਕਬੇ ’ਚ ਸਿੱਧੀ ਝੋਨਾ ਬਿਜਾਈ ਹੋਈ ਹੈ।
ਖੇਤੀ ਵਿਭਾਗ ਦੇ ਰਿਕਾਰਡ ’ਚ ਦਰਜ ਬਹੁਗਿਣਤੀ ਰਕਬੇ ’ਚ ਸਿੱਧੀ ਝੋਨਾ ਬਿਜਾਈ ਤਾਂ ਦੂਰ ਝੋਨਾ ਲਵਾਈ ਵੀ ਨਹੀਂ ਹੋਈ। ਉਨ੍ਹਾਂ ਖੇਤੀ ਤੰਤਰ ਤੇ ਲਾਭਕਾਰਾਂ ਵਿਚਕਾਰ ਉਤਸ਼ਾਹ ਫੰਡ ਦੀ ਕਥਿਤ ‘ਪੰਜ ਦਵੰਜੀ’ ਵੰਡ (3 ਹਿੱਸੇ ਕਿਸਾਨ ਤੇ 2 ਹਿੱਸੇ ਖੇਤੀ ਤੰਤਰ) ਹੋਣ ਦੇ ਦੋਸ਼ ਲਾਏ। ਕਿਸਾਨਾਂ ਮੁਤਾਬਕ ਵਿਭਾਗੀ ਪ੍ਰਚਾਰ ਦੀ ਅਣਹੋਂਦ ’ਚ ਸੱਚਮੁੱਚ ਸਿੱਧੀ ਬਿਜਾਈ ਵਾਲੇ ਕਿਸਾਨ ਆਨਲਾਈਨ ਰਜਿਸਟ੍ਰੇਸ਼ਨ ਹੀ ਨਹੀਂ ਕਰ ਸਕੇ। ਲੰਬੀ ਬਲਾਕ ’ਚ ਸਿੱਧੀ ਬਿਜਾਈ ਕੁੱਲ 1970 ਏਕੜ ਦੀ ਵੈਰੀਫਿਕੇਸ਼ਨ ਹੋਈ ਹੈ। ਮਾਮਲੇ ਦੇ ਪਾਜ ਬਿਨਾਂ ਬੀਜਾਂਦ ਕੀਤੇ ਇੱਕ ਵਿਅਕਤੀ ਦੇ ਖਾਤੇ ਫੰਡ ਪੈਣ ਤੋਂ ਉੱਧੜੇ ਹਨ। ਕਿਸਾਨ ਸੁਖਵੰਤ ਸਿੰਘ, ਗੁਰਮੀਤ ਸਿੰਘ ਪੰਚ, ਬਾਬੂ ਸਿੰਘ, ਪ੍ਰਕਾਸ਼ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਕਿੱਲਿਆਂਵਾਲੀ ’ਚ ਜ਼ਮੀਨ ਤੇ ਪਾਣੀ ਸਿੱਧੀ ਝੋਨਾ ਬਿਜਾਈ ਦੇ ਅਨੁਕੂਲ ਨਹੀਂ। ਸ਼ੇਰਗੜ੍ਹ ਵਾਲੇ ਕੱਚੇ ਰਾਹ ’ਤੇ ਪੈਂਦੇ ਖੇਤ ਸਿੱਧੀ ਝੋਨਾ ਬੀਜਾਂਦ ਦੇ ਕਾਬਿਲ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਭਾਗੀ ਮਿਲੀਭੁਗਤ ਸਦਕਾ ਸਾਬਕਾ ‘ਫ਼ਸਲੀ’ ਮਿੱਤਰ, ਉਸਦੇ ਪਰਿਵਾਰਕ ਮੈਂਬਰਾਂ ਤੇ ਚਹੇਤਿਆਂ ਦੇ ਨਾਂ ਕਥਿਤ ਹੋਰਾਂ ਖੇਤਾਂ ਦੀਆਂ ਵੈਰੀਫਿਕੇਸ਼ਨਾਂ ਹੋਈਆਂ ਹਨ। ਇੱਕੋ ਰਕਬੇ ’ਤੇ ਮਾਲਕ ਕਿਸਾਨ ਤੇ ਕਾਸ਼ਤਕਾਰ ਨੂੰ ਲਾਭਪਾਤਰੀ ਦਰਸਾ ਕੇ ਸਰਕਾਰ ਨੂੰ ਦੋਹਰਾ ਆਰਥਿਕ ਚੂਨਾ ਲਾਇਆ ਗਿਆ। ਬਾਬੂ ਸਿੰਘ ਨੇ ਕਿਹਾ ਕਿ 15 ਸੌ ਰੁਪਏ ਪ੍ਰਤੀ ਏਕੜ ਦੀ ਕਥਿਤ ਕੁੰਡੀ ਲਈ ਕਈਆਂ ਨੂੰ ਦਸ ਗੁਣਾ ਵੱਧ ਰਕਬੇ ਦਾ ਕਾਸ਼ਤਕਾਰ ਵਿਖਾ ਦਿੱਤਾ ਗਿਆ ਅਤੇ ‘ਪੰਜ ਦਵੰਜੀ’ ਮਿਲੀਭੁਗਤ ਤਹਿਤ ਫੰਡਾਂ ਦੀ ਪੰਡ ਕੁੱਝ ਖਾਤਿਆਂ ’ਚ ਸੁਟਵਾਈ ਗਈ। ਕਿਸਾਨ ਸੁਖਵੰਤ ਸਿੰਘ, ਬਾਬੂ ਸਿੰਘ, ਗੁਰਮੀਤ ਸਿੰਘ ਤੇ ਮਲਕੀਤ ਸਿੰਘ ਨੇ ਪੰਜਾਬ ਵਿਜੀਲੈਂਸ ਬਿਊਰੋ ਤੋਂ ਲੰਬੀ ਹਲਕੇ ’ਚ ਸਿੱਧੀ ਝੋਨਾ ਬਿਜਾਈ ਸਬੰਧੀ ਗਿਰਦਾਵਰੀਆਂ, ਫ਼ਸਲ ਵਿਕਰੀ ਲਈ ਆਨਲਾਈਨ ਰਜਿਸਟਰੇਸ਼ਨ ਅਤੇ ਜੇ ਫਾਰਮਾਂ ਦੀ ਜਾਂਚ ਮੰਗੀ ਹੈ।
ਦੂਜੇ ਪਾਸੇ, ਲਾਭਪਾਤਰੀਆਂ ਵਿੱਚੋਂ ਕੁੱਝ ਨੇ ਕਿਹਾ ਕਿ ਉਨ੍ਹਾਂ ਠੇਕੇ ’ਤੇ ਜ਼ਮੀਨ ਲੈ ਕੇ ਝੋਨੇ ਦੀ ਸਿੱਧੀ ਬਿਜਾਈ ਕੀਤੀ, ਜਿਸ ਵਿੱਚ ਕੁੱਝ ਵੀ ਗਲਤ ਨਹੀਂ ਹੋਇਆ। ਨਦੀਨ ਵਗੈਰਾ ਹੱਦੋਂ ਵੱਧ ਹੋਣ ਕਰਕੇ ਬੀਜਾਂਦ ਘਾਟੇ ਦਾ ਸੌਦਾ ਰਹੀ। ਵਿਭਾਗੀ ਅਮਲੇ ਨੇ ਵੀ ਦੋਸ਼ ਨਕਾਰੇ ਹਨ।
ਬੇਨਿਯਮੀਆਂ ਦੀ ਜਾਂਚ ਕਰ ਕਾਰਵਾਈ ਕਰਾਂਗੇ: ਖੇਤੀਬਾੜੀ ਚੀਫ਼
ਖੇਤੀਬਾੜੀ ਵਿਭਾਗ ਸ੍ਰੀ ਮੁਕਤਸਰ ਦੇ ਚੀਫ਼ ਡਾ. ਕਰਨਪਾਲ ਸਿੰਘ ਗਿੱਲ ਨੇ ਕਿਹਾ ਕਿ ਸਿੱਧੀ ਬਿਜਾਈ ਸਬੰਧੀ ਖੁਦ ਕਿਸਾਨਾਂ ਨੇ ਆਨਲਾਈਨ ਅਪਲਾਈ ਕੀਤਾ ਸੀ। ਦੋਹਰੀ ਵੈਰੀਫਿਕੇਸ਼ਨ ਪ੍ਰਕਿਰਿਆ ਮਗਰੋਂ ਖਾਤਿਆਂ ’ਚ ਉਤਸ਼ਾਹ ਫੰਡ ਖਾਤਿਆਂ ’ਚ ਪਿਆ ਹੈ। ਜੇਕਰ ਬੇਨਿਯਮੀ ਹੋਈ ਹੈ ਤਾਂ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ।Advertisement