ਮਾੜੇ ਪ੍ਰਬੰਧਾਂ ਕਾਰਨ ਐੱਸਓਐੱਲ ਡਿਗਰੀ ਵੰਡ ਸਮਾਗਮ ’ਚ ਮੱਚੀ ਭਾਜੜ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਜੂਨ
ਡਐੱਸਓਐੱਲ ਵੱਲੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਲਈ ਕਰਵਾਏ ਸਮਾਗਮ ਵਿੱਚ ਭਾਜੜ ਮੱਚ ਗਈ। ਇਸ ਸਮਾਗਮ ਲਈ ਯੂਨੀਵਰਸਿਟੀ ਦੇ ਸਟੇਡੀਅਮ ਦੀ ਬੁਕਿੰਗ ਅਤੇ ਸਟਾਫ ਦੀ ਹਾਜ਼ਰੀ ਲਈ ਲੱਖਾਂ ਰੁਪਏ ਖਰਚ ਕੀਤੇ ਗਏ ਸਨ। ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐਸ) ਨੇ ਅੱਜ ਕਰਵਾਏ ਡਿਗਰੀ ਮੇਲੇ ਦੇ ਕੁਪ੍ਰਬੰਧ ਲਈ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ (ਐੱਸਓਐੱਲ) ਪ੍ਰਸ਼ਾਸਨ ਦੀ ਸਖ਼ਤ ਨਿਖੇਧੀ ਕੀਤੀ ਹੈ।
ਸੰਗਠਨ ਦੇ ਆਗੂ ਭੀਮ ਕੁਮਾਰ ਨੇ ਕਿਹਾ ਕਿ ਐੱਸਓਐੱਲ ਵੱਲੋਂ ਘੋਰ ਕੁਪ੍ਰਬੰਧਨ ਦੇ ਨਤੀਜੇ ਵਜੋਂ ਪ੍ਰੋਗਰਾਮ ਦੌਰਾਨ ਭਾਜੜ ਮੱਚ ਗਈ ਜਦੋਂ ਕਿ ਵਿਦਿਆਰਥੀਆਂ ਨੂੰ ਡਿਗਰੀ ਮੇਲੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਨਾਲ ਹੀ ਸਮਾਗਮ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ ਜਿਸ ਨਾਲ ਅੱਜ ਹਜ਼ਾਰਾਂ ਵਿਦਿਆਰਥੀ ਪ੍ਰਭਾਵਿਤ ਹੋਏ। ਕੇਵਾਈਐੱਸ ਨੇ ਐੱਸਓਐੱਲ ਦੇ ਡਾਇਰੈਕਟਰ ਪਾਇਲ ਮਾਗੋ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ ਜੋ ਕਿ ਐੱਸਓਐੱਲ ਵਿੱਚ ਫੈਲੀ ਹਫੜਾ-ਦਫੜੀ ਲਈ ਜ਼ਿੰਮੇਵਾਰ ਹੈ। ਉਸ ਨੇ ਕਿਹਾ ਕਿ ਭਗਦੜ ਲਈ ਜ਼ਿੰਮੇਵਾਰ ਐੱਸਓਐੱਲ ਪ੍ਰਸ਼ਾਸਨ ਦੀ ਸਖ਼ਤ ਨਿਖੇਧੀ ਕੀਤੀ ਹੈ। ਕੇਵਾਈਐੱਸ ਨੇ ਮੰਗ ਕੀਤੀ ਕਿ ਐੱਸਓਐੱਲ ਡਾਇਰੈਕਟਰ, ਪਾਇਲ ਮਾਗੋ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਨਾਲ ਹੀ ਐਸਓਐਲ ਪ੍ਰਸ਼ਾਸਨ ਨੂੰ ਅੱਜ ਦੇ ਮਾੜੇ ਪ੍ਰਬੰਧਾਂ ਤੋਂ ਪ੍ਰਭਾਵਿਤ ਹਜ਼ਾਰਾਂ ਵਿਦਿਆਰਥੀਆਂ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕ੍ਰਾਂਤੀਕਾਰੀ ਯੁਵਾ ਸੰਗਠਨ ਆਉਣ ਵਾਲੇ ਹਫ਼ਤੇ ਵਿੱਚ ਐੱਸਓਐੱਲ ਵਿੱਚ ਹੋ ਰਹੀਆਂ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਵਿਰੋਧ ਪ੍ਰਦਰਸ਼ਨ ਕਰੇਗੀ।