ਸਰਹਿੰਦ ਨਹਿਰ ’ਚ ਕਾਰ ਡਿੱਗਣ ਨਾਲ ਚਾਲਕ ਦੀ ਮੌਤ
ਸੰਜੀਵ ਬੱਬੀ
ਚਮਕੌਰ ਸਾਹਿਬ, 12 ਅਪਰੈਲ
ਚਮਕੌਰ ਸਾਹਿਬ-ਰੂਪਨਗਰ ਮਾਰਗ 'ਤੇ ਪੈਂਦੇ ਪਿੰਡ ਝਮਲੂਟੀ ਨੇੜੇ ਇੱਕ ਕਾਰ ਸਰਹਿੰਦ ਨਹਿਰ ਵਿੱਚ ਡਿੱਗਣ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ ਜਦੋਂ ਕਿ ਕਾਰ ਨੂੰ ਬੜੀ ਮੁਸ਼ੱਕਤ ਉਪਰੰਤ ਬਾਹਰ ਕੱਢਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਕਰੀਬ 5 ਵਜੇ ਆਲਟੋ ਕਾਰ ਸੜਕ ਤੋਂ ਕਰੀਬ 20 ਫੁੱਟ ਡੂੰਘੀ ਚੱਲਦੀ ਨਹਿਰ ਵਿੱਚ ਜਾ ਡਿੱਗੀ ਅਤੇ ਵੇਖਦਿਆਂ ਹੀ ਵੇਖਦਿਆਂ ਕਾਫ਼ੀ ਡੂੰਘੇ ਪਾਣੀ ਵਿੱਚ ਚਲੀ ਗਈ, ਜਿਸ ਨੂੰ ਕੋਲੋਂ ਲੰਘ ਰਹੇ ਇੱਕ ਵਿਅਕਤੀ ਵੱਲੋਂ ਡਿਗਦਿਆਂ ਵੇਖਿਆ ਤਾਂ ਉਸ ਨੇ ਰੌਲਾ ਪਾ ਦਿੱਤਾ। ਰੌਲਾ ਰੱਪਾ ਸੁਣ ਕੇ ਕੋਲੋਂ ਲੰਘ ਰਹੇ ਪਿੰਡ ਜਰਗੜ੍ਹੀ (ਪਾਇਲ) ਦੇ ਪਰਮਿੰਦਰ ਪਿੰਦੀ ਤੇ ਹੋਰ ਆ ਗਏ ਜੋ ਮਾਤਾ ਨੈਣਾ ਦੇਵੀ ਮੱਥਾ ਟੇਕਣ ਜਾ ਰਹੇ ਸਨ, ਉਨ੍ਹਾਂ ਨੇ ਨਹਿਰ ਵਿੱਚ ਉਤਰ ਕੇ ਕਾਰ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਤੇਜ਼ ਵਹਾਅ ਕਾਰਨ ਸਫਲ ਨਹੀਂ ਹੋ ਸਕੇ। ਮੌਕੇ 'ਤੇ ਪੁੱਜੇ ਡੀਐਸਪੀ ਮਨਜੀਤ ਸਿੰਘ ਔਲਖ ਅਤੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਬਾਹਰੋਂ ਬੁਲਾਏ ਗੋਤਖੋਰਾ ਤੇ ਹਾਈਡਰ ਮਸ਼ੀਨ ਦੀ ਸਹਾਇਤਾ ਨਾਲ ਕਾਰ ਚਾਲਕ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਕਾਰ ਚਾਲਕ ਦੀ ਮੌਤ ਹੋ ਚੁੱਕੀ ਸੀ। ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਜਤਿੰਦਰ ਸਿੰਘ ਨਜ਼ਦੀਕੀ ਪਿੰਡ ਭੱਕੂਮਾਜਰਾ ਵਜੋਂ ਹੋਈ ਹੈ ਜੋ ਚਮਕੌਰ ਸਾਹਿਬ ਵਿਖੇ ਹੀ ਜੰਗਲਾਤ ਵਿਭਾਗ ਵਿਚ ਨੌਕਰੀ ਕਰਦਾ ਸੀ। ਡੀਐਸਪੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਪੁਲੀਸ ਨੇ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।