ਆਪਣੀ ਮੰਡੀ: ਸਬਜ਼ੀ ਵਿਕਰੇਤਾ ਹੁਣ ਨਹੀਂ ਲਗਾ ਸਕਣਗੇ ਰੰਗ-ਬਿਰੰਗੀਆਂ ਛਤਰੀਆਂ
ਚੰਡੀਗੜ੍ਹ, 16 ਅਪਰੈਲ
ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਵਿੱਚ ‘ਆਪਣੀ ਮੰਡੀ’ ਤਹਿਤ ਲੱਗਣ ਵਾਲੀਆਂ ਸਬਜ਼ੀ ਮੰਡੀਆਂ ਵਿੱਚ ਸਬਜ਼ੀ ਵਿਕ੍ਰੇਤਾ ਹੁਣ ਗ੍ਰਾਹਕਾਂ ਨੂੰ ਧੋਖਾ ਦੇਣ ਵਾਸਤੇ ਰੰਗ-ਬਿਰੰਗੀਆਂ ਛਤਰੀਆਂ ਅਤੇ ਰੰਗ-ਬਿਰੰਗੀਆਂ ਲਾਈਟਾਂ ਨਹੀਂ ਲਗਾ ਸਕਣਗੇ। ਨਗਰ ਨਿਗਮ ਚੰਡੀਗੜ੍ਹ ਦੀ ਆਪਣੀ-ਮੰਡੀ ਅਤੇ ਡੇਅ ਮਾਰਕੀਟ ਕਮੇਟੀ ਦੀ ਅੱਜ ਹੋਈ ਪਲੇਠੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਕਮੇਟੀ ਦੇ ਅਹੁਦੇਦਾਰ ਲਖਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਯੋਗੇਸ਼ ਢੀਂਗਰਾ, ਗੁਰਪ੍ਰੀਤ ਸਿੰਘ, ਮਨੌਰ ਅਤੇ ਨਰੇਸ਼ ਪੰਚਾਲ ਸਮੇਤ ਹੋਰ ਕਮੇਟੀ ਮੈਂਬਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਵਿੱਚ ਨਗਰ ਨਿਗਮ ਅਤੇ ਪੰਜਾਬ ਮੰਡੀ ਬੋਰਡ ਦੇ ਸਬੰਧਿਤ ਅਧਿਕਾਰੀ ਵੀ ਸ਼ਾਮਲ ਹੋਏ।
ਕਮੇਟੀ ਮੈਂਬਰਾਂ ਨੇ ਵਿਚਾਰ-ਵਟਾਂਦਰਾ ਕੀਤਾ ਅਤੇ ਪ੍ਰਤੀ ਵਿਕਰੇਤਾ ਬਲਾਕ ਰੋਜ਼ਾਨਾ ਦਰ 100/- ਰੁਪਏ (ਜੀਐੱਸਟੀ ਸਮੇਤ) ਤੋਂ ਵਧਾ ਕੇ 200/- ਰੁਪਏ (ਜੀਐੱਸਟੀ ਨੂੰ ਛੱਡ ਕੇ) ਹਰੇਕ ਦਿਨ ਦੀ ਮਾਰਕੀਟ ਸਾਈਟ ਲਈ ਕਰਨ ਦਾ ਫ਼ੈਸਲਾ ਕੀਤਾ। ਇਸ ਫ਼ੈਸਲੇ ਦੀ ਪ੍ਰਵਾਨਗੀ ਲਈ ਜਨਰਲ ਹਾਊਸ ਨੂੰ ਸਿਫਾਰਿਸ਼ ਕੀਤੀ ਜਾਵੇਗੀ।
ਕਮੇਟੀ ਮੈਂਬਰਾਂ ਨੇ ਵਿਕਰੇਤਾਵਾਂ ਨੂੰ ਨਿਰਧਾਰਿਤ ਥਾਵਾਂ ਦੀ ਗਿਣਤੀ ਅਤੇ ਹਰੇਕ ਆਪਣੀ-ਮੰਡੀ ਅਤੇ ਡੇਅ ਮਾਰਕੀਟ ਵਿੱਚ ਮੌਜੂਦ ਵਿਕਰੇਤਾਵਾਂ ਦੀ ਅਸਲ ਗਿਣਤੀ ਦੀ ਨਿਯਮਿਤ ਤੌਰ 'ਤੇ ਨਿਗਰਾਨੀ ਕਰਨ ਦਾ ਵੀ ਫ਼ੈਸਲਾ ਕੀਤਾ। ਇਨਫੋਰਸਮੈਂਟ ਵਿਭਾਗ ਨੂੰ ਆਪਣੇ ਬਲਾਕਾਂ ਦੇ ਅੰਦਰ ਵਿਕਰੇਤਾਵਾਂ ਵੱਲੋਂ ਵਰਤੀਆਂ ਜਾਂਦੀਆਂ ਰੰਗੀਨ ਲਾਈਟਾਂ (ਲਾਲ, ਹਰਾ, ਪੀਲਾ, ਆਦਿ) ਅਤੇ ਰੰਗੀਨ ਛਤਰੀਆਂ ਨੂੰ ਹਟਾਉਣ ਅਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਸੈਨੀਟੇਸ਼ਨ ਵਿਭਾਗ ਨੂੰ ਬੰਦ ਹੋਣ ਤੋਂ ਬਾਅਦ ਆਪਣੀ-ਮੰਡੀ ਅਤੇ ਡੇਅ ਮਾਰਕੀਟ ਖੇਤਰਾਂ ਦੀ ਸਹੀ ਸਫਾਈ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।
ਪਲਾਸਟਿਕ ਬੈਗਾਂ ’ਤੇ ਪਾਬੰਦੀ
ਮੰਡੀ ਵਿੱਚ ਪਲਾਸਟਿਕ ਬੈਗਾਂ ਦੀ ਵਰਤੋਂ ਕਰਨ ਵਾਲੇ ਵਿਕਰੇਤਾਵਾਂ ਨੂੰ ਚਲਾਨ ਜਾਰੀ ਕਰਨ ਅਤੇ ਪਲਾਸਟਿਕ ਬੈਗਾਂ ਦੀ ਵਰਤੋਂ ਨਾ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਉਣ ਦੇ ਵੀ ਨਿਰਦੇਸ਼ ਦਿੱਤੇ ਗਏ।