ਬਾਜਵਾ ਖ਼ਿਲਾਫ਼ ਕਾਰਵਾਈ ‘ਆਪ’ ਸਰਕਾਰ ਦੀ ਬੌਖ਼ਲਾਹਟ ਦੀ ਨਿਸ਼ਾਨੀ
05:55 AM Apr 17, 2025 IST
ਕੁਰਾਲੀ (ਮਿਹਰ ਸਿੰਘ): ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਪੰਜਾਬ ਪੁਲੀਸ ਵਲੋਂ ਦਰਜ਼ ਕੀਤਾ ਕੇਸ ‘ਆਪ’ ਸਰਕਾਰ ਦੀ ਬੌਖਲਾਹਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਨੇਤਾ ਹੋਣਾ ਸੰਵਿਧਾਨਿਕ ਅਹੁਦਾ ਹੈ। ਇਸ ਅਹੁਦੇ ’ਤੇ ਹੁੰਦਿਆਂ ਬਾਜਵਾ ਖ਼ਿਲਾਫ਼ ਦਰਜ ਕੀਤਾ ਪਰਚਾ ਨਿੰਦਣਯੋਗ ਅਤੇ ਪੰਜਾਬ ਦੀ ਸਿਆਸਤ ਵਿੱਚ ਮੰਦਭਾਗਾ ਹੈ। ਕੰਗ ਨੇ ਕਿਹਾ ਕਿ ਸਰਕਾਰ ਦੀਆਂ ਨਕਾਮੀਆਂ ਨੂੰ ਉਜਾਗਰ ਕਰਨਾ ਅਤੇ ਲੋਕ ਅਵਾਜ਼ ਬਣ ਕੇ ਮਸਲੇ ਚੁੱਕਣੇ ਵਿਰੋਧੀ ਧਿਰ ਦੀ ਮੁਢਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਸ੍ਰੀ ਬਾਜਵਾ ਖ਼ਿਲਾਫ਼ ਪਰਚਾ ਦਰਜ ਕਰਨਾ ਕਿਸੇ ਤਰ੍ਹਾਂ ਵੀ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਅਮਨ-ਸ਼ਾਂਤੀ ਵੱਡਾ ਤੇ ਗੰਭੀਰ ਮਸਲਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੂੰ ਇਸ ਵੱਲ ਤਵੱਜੋਂ ਦੇ ਕੇ ਲੋਕਾਂ ਨੂੰ ਸੁੱਖ ਦਾ ਸਾਹ ਲੈਣ ਲਈ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਬਦਲਾਖੋਰੀ ਵਾਲੀ ਸਿਆਸਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ‘ਆਪ’ ਦੇ ਨਿਘਾਰ ਦੀਆਂ ਨਿਸ਼ਾਨੀਆਂ ਹਨ ਅਤੇ ਹੁਣ ਕਾਂਰਗਸ ਨੂੰ ਸੱਤਾ ਵਿੱਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ।
Advertisement
Advertisement