ਡਾ. ਘੁੰਮਣ ਨੂੰ ‘ਸਾਹਿਤ ਸਦਭਾਵਨਾ ਪੁਰਸਕਾਰ-2023’ ਦੇਣ ਦਾ ਐਲਾਨ
ਪੱਤਰ ਪ੍ਰੇਰਕ
ਜਲੰਧਰ, 27 ਜੂਨ
ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ ਵਲੋਂ ਪ੍ਰਸਿੱਧ ਪੰਜਾਬੀ ਆਲੋਚਕ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ ਡਾਕਟਰ ਬਿਕਰਮ ਸਿੰਘ ਘੁੰਮਣ ਨੂੰ ”ਸਾਹਿਤ ਸਦਭਾਵਨਾ ਪੁਰਸਕਾਰ 2023” ਦੇਣ ਦਾ ਐਲਾਨ ਕੀਤਾ ਹੈ। ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ ਵਲੋਂ ਦਿੱਤੇ ਜਾਣ ਵਾਲੇ ਇਸ ਪੁਰਸਕਾਰ ਵਿੱਚ ਇੱਕੀ ਹਜ਼ਾਰ ਰੁਪਏ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਜਾਣਗੇ। ਅੱਜ ਇਥੇ ਸੁਸਾਇਟੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਮੀਤ ਪ੍ਰਧਾਨ ਮੁਖਤਿਆਰ ਸਿੰਘ ਕਹਾਣੀਕਾਰ, ਸਕੱਤਰ ਡਾਕਟਰ ਹਰਜਿੰਦਰ ਸਿੰਘ ਅਟਵਾਲ ਅਤੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਸਿੰਘ ਸੁੰਨੜ ਨੇ ਕੀਤਾ। ਇਹ ਸਾਂਝਾ ਬਿਆਨ ਜਾਰੀ ਕਰਦਿਆਂ ਸੁਸਾਇਟੀ ਦੇ ਮੀਡੀਆ ਸਕੱਤਰ ਡਾਕਟਰ ਦਰਸ਼ਨ ਸਿੰਘ ਆਸ਼ਟ ਨੇ ਦੱਸਿਆ ਕਿ ਡਾਕਟਰ ਘੁੰਮਣ ਨੇ ਪੰਜਾਬੀ ਰਾਈਟਰਜ਼ ਸੁਸਾਇਟੀ ਲਿਮਟਿਡ ਲਈ ਲੰਮੀ ਘਾਲਣਾ ਕਰਕੇ ਇਸ ਨੂੰ ਇਕ ਵਕਾਰੀ ਸੰਸਥਾ ਵਜੋਂ ਸਥਾਪਿਤ ਕੀਤਾ। ਉਨ੍ਹਾਂ ਦੀ ਇਸ ਸੇਵਾ ਨੂੰ ਮੁੱਖ ਰੱਖ ਕੇ ਹੀ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। ਡਾਕਟਰ ਆਸ਼ਟ ਨੇ ਸੁਸਾਇਟੀ ਦੇ ਡਾਇਰੈਕਟਰਾਂ ਪ੍ਰੋ. ਸੁਰਜੀਤ ਜੱਜ, ਰਵਿੰਦਰਪਾਲ, ਜਗੀਰ ਸਿੰਘ ਨੂਰ, ਡਾਕਟਰ ਰਣਜੀਤ ਕੌਰ, ਡਾਕਟਰ ਉਮਿੰਦਰ ਜੌਹਲ, ਅਮਨਜੀਤ ਕੌਰ ਅਤੇ ਪਰਮਜੀਤ ਕੌਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਭਾਵਨਾ ਦਾ ਸਤਿਕਾਰ ਕਰਦੇ ਹੋਏ ਡਾਕਟਰ ਘੁੰਮਣ ਨੂੰ ਇਹ ਪੁਰਸਕਾਰ ਦਿੱਤੇ ਜਾਣ ਦਾ ਫ਼ੈਸਲਾ ਲਿਆ।