ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਡਾਕਟਰਾਂ ਦਾ ਸਨਮਾਨ
ਪੱਤਰ ਪ੍ਰੇਰਕ
ਫਰੀਦਾਬਾਦ, 2 ਜੁਲਾਈ
ਇੱਥੇ ਨੀਲਮ ਬਾਟਾ ਰੋਡ ਸਥਿਤ ਇਕ ਹੋਟਲ ਵਿੱਚ ਅੱਜ ਕੌਮੀ ਡਾਕਟਰ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਇੰਡਿਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਫਰੀਦਾਬਾਦ ਦੇ ਪ੍ਰਧਾਨ ਡਾ. ਦਿਨੇਸ਼ ਗੁਪਤਾ ਨੇ ਕਿਹਾ ਕਿ ਡਾਕਟਰ-ਮਰੀਜ਼ ਦਾ ਰਿਸ਼ਤਾ ਭਰੋਸੇ ’ਤੇ ਨਿਰਭਰ ਕਰਦਾ ਹੈ। ਮਰੀਜ਼ ਹਮੇਸ਼ਾ ਡਾਕਟਰ ਤੋਂ ਸਹੀ ਇਲਾਜ ਦੀ ਉਮੀਦ ਕਰਦੇ ਹਨ ਪਰ ਇਹ ਹਮੇਸ਼ਾ ਡਾਕਟਰ ਦੇ ਹੱਥ ਵਿਚ ਨਹੀਂ ਹੁੰਦਾ। ਇਸ ਲਈ ਜਦੋਂ ਵੀ ਕੋਈ ਸਾਰਥਕ ਨਤੀਜੇ ਨਹੀਂ ਨਿਕਲਦੇ ਤਾਂ ਮਰੀਜ਼ ਜਾਂ ਉਸ ਦੇ ਰਿਸ਼ਤੇਦਾਰ ਵਿਸ਼ਵਾਸ ਗੁਆ ਲੈਂਦੇ ਹਨ ਅਤੇ ਕਈ ਵਾਰ ਗੁੱਸੇ ਵਿੱਚ ਆ ਕੇ ਹਿੰਸਾ ’ਤੇ ਉੱਤਰ ਆਉਂਦੇ ਹਨ। ਉਹ ਪੇਚੀਦਗੀ ਅਤੇ ਗਲਤੀ ਵਿੱਚ ਫਰਕ ਨਹੀਂ ਸਮਝਦੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡਾਕਟਰ ਆਪਣੇ ਵੱਲੋਂ ਮਰੀਜ਼ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਡਾਕਟਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਤਨਦੇਹੀ ਅਤੇ ਸੰਜੀਦਗੀ ਨਾਲ ਨਿਭਾਉਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਆਈਐਮਏ ਹਰਿਆਣਾ ਦੇ ਸਰਪ੍ਰਸਤ ਡਾ. ਨਰੇਸ਼ ਜਿੰਦਲ ਅਤੇ ਡਾ. ਅਨਿਲ ਗੋਇਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਆਈਐੱਮਏ ਫਰੀਦਾਬਾਦ ਵੱਲੋਂ ਉੱਘੇ ਡਾਕਟਰਾਂ ਨੂੰ ਉਨ੍ਹਾਂ ਦੇ ਕਿੱਤੇ ਅਤੇ ਸਮਾਜ ਸੇਵਾ ਵਿੱਚ ਵਧੀਆ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾਕਟਰ ਰੀਟਾ ਡੁਡੇਜਾ, ਡਾ. ਸ਼ਿਪਰਾ ਗੁਪਤਾ, ਡਾ. ਅਰਚਨਾ ਗੋਇਲ, ਡਾ. ਅਨੂ ਗੁਨਿਆਨੀ, ਡਾ. ਕਾਮਨਾ ਬਖਸ਼ੀ, ਡਾ. ਮਨੀਸ਼ਾ ਗੁਪਤਾ ਦਾ ਵੀ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਆਈਐੱਮਏ ਫਰੀਦਾਬਾਦ ਵੱਲੋਂ ਵੱਖ ਵੱਖ ਪ੍ਰਾਜੈਕਟਾਂ ਨੂੰ ਸਫ਼ਲ ਬਣਾਉਣ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।