ਜਾਂਚ ਟੀਮ ਵੱਲੋਂ ਕਣਕ ਦੇ ਗੁਦਾਮ ਦਾ ਦੌਰਾ
ਨੰਗਲ, 15 ਜੂਨ
ਪਨਗ੍ਰੇਨ ਗੁਦਾਮ ਵਿੱਚ ਰੱਖੀ ਗਰੀਬ ਪਰਿਵਾਰਾਂ ਨੂੰ ਮੁਫਤ ਦੇਣ ਵਾਲੀ ਕਣਕ ਦੀਆਂ ਬੋਰੀਆਂ ’ਤੇ ਪਾਣੀ ਛਿੜਕਾਣ ਦੇ ਮਾਮਲੇ ਦੀ ਜਾਂਚ ਕਰ ਰਹੀ ਟੀਮ ਨੇ ਇਸ ਨੂੰ ਨਾਰਮਾਲ ਦੱਸ ਕੇ ਪੱਲ ਝੜ ਲਿਆ ਹੈ। ਪਿੰਡ ਬਾਸ ਦੇ ਵਸਨੀਕ ਤਰੁਣ ਸ਼ਰਮਾ ਨੇ ਪਿਛਲੇ ਤਿੰਨ ਚਾਰ ਦਿਨਾਂ ਤੋਂ ਗੁਦਾਮ ਵਿੱਚ ਰਾਤ ਨੂੰ ਕਣਕ ਦੀਆਂ ਬੋਰੀਆਂ ’ਤੇ ਪਾਣੀ ਦਾ ਛੜਕਾਅ ਦੇਖਿਆ। ਉਨ੍ਹਾਂ ਇਹ ਮਾਮਲਾ ਵਪਾਰ ਮੰਡਲ ਜਵਾਹਰ ਮਾਰਕੀਟ ਦੇ ਪ੍ਰਧਾਨ ਲਵਲੀ ਆਂਗਰਾ ਅਤੇ ਐਡਵੋਕੇਟ ਨਿਸ਼ਾਂਤ ਗੁਪਤਾ ਦੇ ਧਿਆਨ ਵਿੱਚ ਲਿਆਂਦਾ ਸੀ। ਇਸ ਮਗਰੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਮੁੱਚੀ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ। ਐਸਡੀਐਮ ਨੰਗਲ ਸਚਿਨ ਪਾਠਕ ਨੂੰ ਜਾਂਚ ਲਈ ਪਨਗ੍ਰੇਨ ਗਦਾਮ ਭੇਜਿਆ ਸੀ। ਬੋਰੀਆਂ ਦੇ ਕਈ ਨਮੂਨੇ ਜਾਂਚ ਲਈ ਲਏ ਗਏ। ਮੌਕੇ ’ਤੇ ਗੁਦਾਮ ਇੰਚਾਰਜ ਨੂੰ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ। ਐਸਡੀਐਮ ਗੁਪਤਾ ਨੇ ਮੰਨਿਆ ਕਿ ਬੋਰੀਆਂ ਦੇ ਸੈਂਪਲ ਵੱਖ ਵੱਖ ਮਸ਼ੀਨਾਂ ਰਾਹੀਂ ਲਏ ਗਏ ਹਨ। ਉਨ੍ਹਾਂ ਕਿਹਾ ਮਾਮਲੇ ਦੀ ਪੜਤਾਲ ਚੱਲ ਰਹੀ ਹੈ।
ਕੋਈ ਗੜਬੜ ਨਹੀਂ ਮਿਲੀ: ਡਿਪਟੀ ਡਾਇਰੈਕਟਰ
ਅੱਜ ਗਦਾਮ ਵਿੱਚ ਪਹੁੰਚੀ ਖੁਰਾਕ ਅਤੇ ਫੂਡ ਸਪਲਾਈ ਵਿਭਾਗ ਦੀ ਟੀਮ ਜਿਸ ਦੀ ਅਗਵਾਈ ਡਿਪਟੀ ਡਾਇਰੈਕਟਰ ਰਜ਼ਨੀਸ਼ ਕੌਰ ਅਤੇ ਇੰਸਪੈਕਟਰ ਹਰਪ੍ਰੀਤ ਸਿੰਘ ਤੇ ਹੋਰ ਅਧਿਕਾਰੀ ਕਰ ਰਹੇ ਸਨ ਨੇ ਗੁਦਾਮ ਦਾ ਦੌਰਾ ਕੀਤਾ। ਟੀਮ ਨੇ ਗੁਦਾਮ ਦੀ ਦਰਜਨ ਥਾਵਾਂ ਤੋਂ ਜਾਂਚ ਕੀਤੀ ਤੇ ਕੋਈ ਗੜਬੜ ਨਹੀਂ ਪਾਈ ਗਈ।