ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸ਼ਿਆਂ ਤੇ ਕਬੂਤਰਬਾਜ਼ੀ ਖ਼ਿਲਾਫ਼ ਸਖ਼ਤ ਸੀ ਦੇਵੀ ਦਿਆਲ ਸ਼ਰਮਾ

08:12 AM Jan 18, 2024 IST

ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 17 ਮਈ
ਇਸ ਇਲਾਕੇ ਦੇ ਲੋਕ ਕੌਮਾਂਤਰੀ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਸ਼ਰਮਾ ਨੂੰ ਨਸ਼ਿਆਂ ਦੇ ਕੋਹੜ, ਕਬੂਤਰਬਾਜ਼ੀ ਅਤੇ ਮਹਿਲਾਵਾਂ ਦੇ ਸ਼ੋਸ਼ਣ ਖ਼ਿਲਾਫ਼ ਲੜਨ ਵਾਲੇ ਘੁਲਾਟੀਏ ਵਜੋਂ ਵੀ ਜਾਣਦੇ ਹਨ। ਜਿੱਥੇ ਵੀ ਮੌਕਾ ਮਿਲਦਾ ਸੀ ਉਹ ਨੌਜਵਾਨਾਂ ਨੂੰ ਖੇਡਾਂ ਨੂੰ ਅਪਣਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਸੀ ਅਤੇ ਖਾਸ ਕਰਕੇ ਮਹਿਲਾ ਖਿਡਾਰੀਆਂ ਦੀ ਸੁਰੱਖਿਆ ਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਪ੍ਰਬੰਧਕਾਂ ਨੂੰ ਪਾਬੰਦ ਕਰਦਾ ਸੀ। ਦੇਵੀ ਦਿਆਲ ਦੇ ਲੁਧਿਆਣਾ ਵਿੱਚ 76 ਸਾਲ ਦੀ ਉਮਰ ਵਿੱਚ ਦੇਹਾਂਤ ਹੋਣ ਤੋਂ ਇੱਕ ਦਿਨ ਮਗਰੋਂ ਦਿ ਅਹਿਮਦਗੜ੍ਹ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰ ਸ਼ਿਵ ਕੁਮਾਰ ਬੂਟਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨਾਲ ਜੁੜੇ ਕਬੱਡੀ ਰੈਫਰੀਆਂ ਤੇ ਮੈਨੇਜਰਾਂ ਨੇ ਦੇਵੀ ਦਿਆਲ ਤੋਂ ਖੇਡ ਸੰਸਾਰ ਦੀ ਅਹਿਮ ਜਾਣਕਾਰੀ ਪ੍ਰਾਪਤ ਕੀਤੀ ਸੀ। ਉਹ ਜਦੋਂ ਵੀ ਕਿਲ੍ਹਾ ਰਾਏਪੁਰ, ਗੁੱਜਰਵਾਲ ਜਾਂ ਜਰਖੜ ਖੇਡ ਮੇਲੇ ਦਾ ਦੌਰਾ ਕਰਦੇ ਸਨ ਤਾਂ ਸਹਿਜੇ ਹੀ ਗਿਆਨ ਦਾ ਛਿੱਟਾ ਦੇ ਜਾਂਦੇ ਸਨ। ਪੋਹੀੜ ਪਿੰਡ ਦੇ ਇੱਕ ਪਰਵਾਸੀ ਭਾਰਤੀ ਕੇਵਲ ਕ੍ਰਿਸ਼ਨ ਨਾਰਦ ਨੇ ਦਾਅਵਾ ਕੀਤਾ ਕਿ ਦੇਵੀ ਦਿਆਲ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਆੜ ਵਿੱਚ ਗ਼ੈਰ-ਕਾਨੂੰਨੀ ਪਰਵਾਸ (ਕਬੂਤਰਬਾਜ਼ੀ) ਦੇ ਬਿਲਕੁੱਲ ਖ਼ਿਲਾਫ਼ ਸਨ। ਇਸ ਮੁੱਦੇ ’ਤੇ ਉਹ ਇੰਨਾ ਜ਼ਿਆਦਾ ਸਖ਼ਤ ਸੀ ਕਿ ਇੱਕ ਵਾਰ ਉਸਨੇ ਆਪਣੇ ਇੱਕ ਭਤੀਜੇ ਨੂੰ ਅਮਰੀਕਾ ਤੋਂ ਭਾਰਤ ਵਾਪਸ ਆਉਣ ਲਈ ਮਜਬੂਰ ਕਰ ਦਿੱਤਾ ਸੀ। ਨਾਰਦ ਨੇ ਅੱਗੇ ਦੱਸਿਆ ਕਿ ਦੇਵੀ ਦਿਆਲ ਗ਼ਰੀਬ ਪਰਿਵਾਰਾਂ ਦੇ ਲੜਕੇ ਅਤੇ ਲੜਕੀਆਂ ਦੀ ਆਰਥਿਕ ਤੌਰ ’ਤੇ ਸਹਾਇਤਾ ਕਰਦਾ ਸੀ, ਪਰ ਕਦੇ ਵੀ ਉਨ੍ਹਾਂ ਦੀ ਬੇਵਸੀ ਦਾ ਸ਼ੋਸ਼ਣ ਨਹੀਂ ਕਰਦਾ ਸੀ। ਨਾਰਵੇ ਦੀ ਸਮਾਜ ਸੇਵਿਕਾ ਕਮਲਾ ਮੌਦਗਿਲ ਨੇ ਕਿਹਾ ਕਿ ਉਸਨੇ ਦੇਵੀ ਦਿਆਲ ਦੀਆਂ ਸਿਫ਼ਾਰਸ਼ਾਂ ’ਤੇ ਬਹੁਤ ਸਾਰੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਖੇਡਾਂ ਨੂੰ ਆਪਣੀ ਜੀਵਨ-ਸ਼ੈਲੀ ਵਿੱਚ ਅਪਣਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਮਰਹੂਮ ਦੇਵੀ ਦਿਆਲ ਦੀ ਸਭ ਤੋਂ ਵੱਧ ਸ਼ਲਾਘਾ ਇਸ ਲਈ ਕੀਤੀ ਜਾਣੀ ਚਾਹੀਦੀ ਹੈ ਕਿ ਉਸਨੇ ਮਹਿਲਾ ਖਿਡਾਰੀਆਂ ਅਤੇ ਪ੍ਰਬੰਧਕਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਸੀ।

Advertisement

ਦੁੱਖ ਦਾ ਪ੍ਰਗਟਾਵਾ

ਪਾਇਲ (ਪੱਤਰ ਪ੍ਰੇਰਕ): ਕੌਮਾਂਤਰੀ ਕਬੱਡੀ ਕੋਚ ਦੇਵੀ ਦਿਆਲ ਸ਼ਰਮਾ ਪਿੰਡ ਕੁੱਬੇ ਦੇ ਦੇਹਾਂਤ ’ਤੇ ਉਨ੍ਹਾਂ ਦੇ ਜਿਗਰੀ ਯਾਰ ਬ੍ਰਿਟਿਸ਼ ਕੋਲੰਬੀਆ ਕਬੱਡੀ ਕਲਚਰ ਅਤੇ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਪੱਤਰਕਾਰ ਸੰਤੋਖ ਸਿੰਘ ਮੰਡੇਰ ਕੈਨੇਡਾ (ਜਰਗ) ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕੋ ਸਾਹ ਵਿੱਚ ਲਗਾਤਾਰ ਕਬੱਡੀਆਂ ਪਾਉਣ ਵਾਲਾ ਦੇਵੀ ਦਿਆਲ ਸ਼ਰਮਾ ਕਬੱਡੀ ਜਗਤ ਦੇ ਭੀਸ਼ਮ ਪਿਤਾਮਾ ਸਨ। ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਕਬੱਡੀ ਜਗਤ ਲਈ ਅਜਿਹੇ ਇਤਿਹਾਸਕ ਮੀਲ ਪੱਥਰ ਸਥਾਪਤ ਕੀਤੇ ਜੋ ਨਵੀਂ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਹਨ। ਸੰਤੋਖ ਸਿੰਘ ਮੰਡੇਰ ਨੇ ਕਿਹਾ ਕਿ ਉਨ੍ਹਾਂ ਦੇ ਅਚਾਨਕ ਸਦੀਵੀ ਵਿਛੋੜੇ ਕਾਰਨ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Advertisement
Advertisement