ਰੇਲ ਗੱਡੀਆਂ ਰੱਦ ਹੋਣ ਮਗਰੋਂ ਸਟੇਸ਼ਨ ’ਤੇ ਖੱਜਲ ਹੋਏ ਯਾਤਰੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਮਈ
ਸਨਅਤੀ ਸ਼ਹਿਰ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਤਣਾਅ ਦੇ ਮਾਹੌਲ ਦੌਰਾਨ ਅੱਜ ਰੇਲਵੇ ਸਟੇਸ਼ਨ ’ਤੇ ਕਾਫ਼ੀ ਭੀੜ ਦੇਖਣ ਨੂੰ ਮਿਲੀ। ਸਨਅਤੀ ਸ਼ਹਿਰ ਹੋਣ ਕਾਰਨ ਵੱਡੀ ਗਿਣਤੀ ਵਿੱਚ ਪਰਵਾਸੀ ਭਾਈਚਾਰੇ ਦੇ ਲੋਕ ਆਪਣੇ ਆਪਣੇ ਪਿੱਤਰੀ ਪਿੰਡਾਂ ਲਈ ਰਵਾਨਾ ਹੋਣ ਲਈ ਸਟੇਸ਼ਨ ਪੁੱਜ ਗਏ। ਪਰ ਦੂਜੇ ਪਾਸੇ ਪਠਾਨਕੋਟ, ਜੰਮੂ ਵਰਗੇ ਸ਼ਹਿਰਾਂ ਵਿੱਚ ਹੋ ਰਹੇ ਹਮਲੇ ਕਾਰਨ ਕਈ ਰੇਲ ਗੱਡੀਆਂ ਕਾਫ਼ੀ ਦੇਰੀ ਨਾਲ ਪੁੱਜੀਆਂ। ਜਿਸ ਕਰਕੇ ਸਟੇਸ਼ਨ ’ਤੇ ਰੇਲ ਗੱਡੀਆਂ ਦੇ ਇੰਤਜ਼ਾਰ ਲਈ ਲੋਕ ਘੰਟਿਆਂ ਬੈਠੇ ਰਹੇ।
ਰੇਲਵੇ ਵੱਲੋਂ ਦੋ ਦਰਜਨ ਤੋਂ ਵੱਧ ਰੇਲ ਗੱਡੀਆਂ ਪਹਿਲਾਂ ਕੈਂਸਲ ਕਰ ਦਿੱਤੀਆਂ ਗਈਆਂ ਸਨ, ਪਰ ਬਾਅਦ ਵਿੱਚ ਇਹ ਗੱਡੀਆਂ ਦੁਬਾਰਾ ਤੋਂ ਪਹਿਲਾਂ ਤੈਅ ਸਮੇਂ ਅਨੁਸਾਰ ਸ਼ੁਰੂ ਕਰ ਦਿੱਤੀਆਂ ਗਈਆਂ। ਰੇਲ ਗੱਡੀਆਂ ਦਾ ਇੰਤਜ਼ਾਰ ਕਰਨ ਲਈ ਕਈ ਘੰਟਿਆਂ ਤੋਂ ਰੇਲਵੇ ਸਟੇਸ਼ਨ ’ਤੇ ਬੈਠੇ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਬਿਹਾਰ ਜਾਣਾ ਹੈ, ਪਰ ਉਨ੍ਹਾਂ ਦੀ ਰੇਲ ਗੱਡੀਆਂ 12 ਘੰਟੇ ਲੇਟ ਹੈ। ਜੰਮੂ ਜਾਣ ਲਈ ਇੰਤਜ਼ਾਰ ਕਰ ਰਹੇ ਹਰੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਪਰਿਵਾਰ ਸਣੇ ਜੰਮੂ ਜਾਣਾ ਸੀ, ਪਰ ਰੇਲ ਗੱਡੀ ਨਹੀਂ ਆਈ ਤੇ ਉਨ੍ਹਾਂ ਨੂੰ ਕਾਫ਼ੀ ਸਮਾਂ ਰੇਲਵੇ ਸਟੇਸ਼ਨ ’ਤੇ ਹੀ ਬਿਤਾਣਾ ਪਇਆ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਗੁਆਂਢੀ ਮੁਲਕ ਨਾਲ ਹਾਲਾਤ ਗੰਭੀਰ ਹੋਣ ਕਾਰਨ ਪ੍ਰਸ਼ਾਸਨਿਕ ਪੱਧਰ ’ਤੇ ਅਹਿਤਿਆਤ ਵਜੋਂ ਕਈ ਵੱਡੇ ਫ਼ੈਸਲੇ ਲਏ ਗਏ ਸਨ। ਇਸੇ ਅਹਿਤਿਆਤ ਤਹਿਤ ਹੀ ਰੇਲਵੇ ਵਿਭਾਗ ਨੇ ਮਾਹੌਲ ਠੀਕ ਹੋਣ ਤੱਕ ਉੱਤਰੀ ਭਾਰਤ ਦੀਆਂ ਕਈ ਰੇਲਾਂ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀਆਂ ਸਨ। ਹਾਲਾਂਕਿ ਅੱਜ ਭਾਰਤ ਅਤੇ ਪਾਕਿਸਤਾਨ ਵੱਲੋਂ ਜੰਗਬੰਦੀ ’ਤੇ ਸਹਿਮਤੀ ਪ੍ਰਗਟਾਉਣ ਅਤੇ ਹਾਲਾਤ ਠੀਕ ਹੋਣ ਦੀ ਸੰਭਾਵਨਾ ਮਗਰੋਂ ਦੇਰ ਸ਼ਾਮ ਰੱਦ ਕੀਤੀਆਂ ਹੋਈਆਂ ਰੇਲਾਂ ਪਹਿਲਾਂ ਤੋਂ ਨਿਰਧਾਰਿਤ ਸਮਾਂ ਸਾਰਣੀ ਅਨੁਸਾਰ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪਰ ਇਸ ਸਾਰੇ ਹਾਲਾਤ ਵਿਚਾਲੇ ਆਪਣੇ ਘਰਾਂ ਨੂੰ ਪਰਤਣ ਲਈ ਲੰਬੇ ਸਮੇਂ ਤੋਂ ਰੇਲਵੇ ਸਟੇਸ਼ਨ ’ਤੇ ਉਡੀਕ ਕਰ ਰਹੇ ਯਾਤਰੀਆਂ ਨੂੰ ਖੱਜਲ-ਖੁਆਰੀ ਝੱਲਣੀ ਪਈ ਹੈ।