ਐੱਸਸੀਡੀ ਅਲੂਮਨੀ ਐਸੋਸੀਏਸ਼ਨ ਦੀ ਮੀਟਿੰਗ
ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਮਈ
ਐੱਸਸੀਡੀ ਸਰਕਾਰੀ ਕਾਲਜ ਲੁਧਿਆਣਾ ਦੇ ਸਾਬਕਾ ਵਿਦਿਆਰਥੀਆਂ ਦੀ ਵਰਚੁਅਲ ਮੀਟਿੰਗ ਅੱਜ ਇਥੇ ਹੋਈ। ਮੀਟਿੰਗ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਜ਼ਿਲ੍ਹਾ ਪ੍ਰਸ਼ਾਸਨ ਨੂੰ ਦੁਕਾਨਾਂ ਬੰਦ ਕਰਕੇ, ਬਲੈਕਆਊਟ ਲਾਗੂ ਕਰਕੇ ਅਤੇ ਡਰੋਨ ਅਤੇ ਹਵਾਈ ਹਮਲਿਆਂ ਆਦਿ ਦੇ ਸੰਭਾਵੀ ਖਤਰਿਆਂ ਬਾਰੇ ਸਾਇਰਨ ਅਲਰਟ ਬਾਰੇ ਜਨਤਾ ਨੂੰ ਜਾਗਰੂਕ ਕਰਕੇ ਸਮੇਂ ਸਿਰ ਚਿਤਾਵਨੀਆਂ ਦੇਣ ਵਿੱਚ ਸਰਗਰਮ ਰਹਿਣ ਦੀ ਅਪੀਲ ਕੀਤੀ/ਸੁਝਾਅ ਦਿੱਤਾ ਹੈ।
ਕਾਲਜ ਦੇ ਸਾਬਕਾ ਵਿਦਿਆਰਥੀਆਂ ਨੇ ਕਿਹਾ ਕਿ ਉਹ ਸਰਕਾਰ ਦਾ ਪੂਰਾ ਸਮਰਥਨ ਕਰਦੇ ਹਨ ਅਤੇ ਉਹ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਸਾਬਕਾ ਵਿਦਿਆਰਥੀ ਕੇਬੀ ਸਿੰਘ, ਮਨਿੰਦਰ ਸਿੰਘ ਬੈਨੀਪਾਲ ਅਤੇ ਬ੍ਰਿਜ ਗੋਇਲ ਦਾ ਮੰਨਣਾ ਹੈ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਦੁਕਾਨਾਂ/ਅਦਾਰਿਆਂ ਨੂੰ ਬੰਦ ਕਰਨ, ਬਿਜਲੀ ਬੰਦ ਕਰਨ, ਬਲੈਕਆਊਟ ਕਰਨ ਸੰਬੰਧੀ ਸਮੇਂ ਸਿਰ ਅਤੇ ਸਪੱਸ਼ਟ ਸਲਾਹ ਦੇਣੀ ਚਾਹੀਦੀ ਹੈ ਅਤੇ ਇਸਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ। ਸ਼੍ਰੀ ਗੋਇਲ ਨੇ ਬਲੈਕਆਊਟ ਐਲਾਨੇ ਜਾਣ ਤੋਂ ਬਾਅਦ ਵੀ ਸ਼ਰਾਬ ਦੀਆਂ ਦੁਕਾਨਾਂ ਦੇਰ ਰਾਤ ਤੱਕ ਖੁੱਲ੍ਹੀਆਂ ਰਹਿਣ ਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਅਜਿਹੇ ਠੇਕੇ ਵਾਲਿਆਂ ਦੇ ਲਾਇਸੈਂਸ ਰੱਦ ਕੀਤੇ ਜਾਣੇ ਚਾਹੀਦੇ ਹਨ। ਇੱਕ ਹੋਰ ਸਾਬਕਾ ਵਿਦਿਆਰਥੀ ਪੀ.ਐਸ. ਭਿੰਡਰ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਨਗਰ ਕੌਂਸਲਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਮੰਦਰਾਂ ਅਤੇ ਗੁਰਦੁਆਰਿਆਂ ’ਤੇ ਲੋਕਾਂ ਨੂੰ ਸੰਭਾਵਿਤ ਖਤਰਿਆਂ ਸਬੰਧੀ ਸੁਚੇਤ ਕੀਤਾ ਜਾ ਸਕੇ। ਪ੍ਰੋਫੈਸਰ ਬੀ ਐਮ ਸਰਵਾਲ ਨੇ ਲੋਕਾਂ ਨੂੰ ਜ਼ਿੰਮੇਵਾਰ ਬਣਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ। ਨਰਿੰਦਰ ਐਸ. ਮੇਸਨ ਨੇ ਕਿਹਾ ਕਿ ਇਸ ਤਣਾਅਪੂਰਨ ਸਥਿਤੀ ਵਿੱਚ, ਇੱਕ ਵੀ ਗਲਤੀ ਨੁਕਸਾਨਦੇਹ ਹੋ ਸਕਦੀ ਹੈ।