ਝੋਨੇ ਦੇ ਬੀਜ ਦੀ ਕਾਲਾਬਾਜ਼ਾਰੀ ਖ਼ਿਲਾਫ਼ ਸੰਘਰਸ਼ ਦੀ ਚਿਤਾਵਨੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 10 ਮਈ
ਨੇੜਲੇ ਪਿੰਡ ਕਮਾਲਪੁਰਾ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਇਕੱਤਰਤਾ ਹੋਈ ਜਿਸ ਵਿੱਚ ਝੋਨੇ ਦੇ ਬੀਜ ਦੀ ਕਾਲਾਬਾਜ਼ਾਰੀ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਪੂਸਾ 44 ਦੇ ਬੀਜ ਦੀ ਕਾਲਾਬਾਜ਼ਾਰੀ ਹੋ ਰਹੀ ਹੈ ਜੋ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ। ਇਸ ਲਈ ਪੰਜਾਬ ਸਰਕਾਰ ਇਸ ਪਾਸੇ ਧਿਆਨ ਦੇ ਕੇ ਪ੍ਰਭਾਵੀ ਕਦਮ ਚੁੱਕੇ ਤਾਂ ਜੋ ਪਹਿਲਾਂ ਹੀ ਮੰਦਹਾਲੀ ਵਿੱਚ ਚੱਲ ਰਹੀ ਕਿਸਾਨੀ ਇਸ ਨਵੀਂ ਲੁੱਟ ਤੋਂ ਬਚ ਸਕੇ। ਉਨ੍ਹਾਂ ਕਿਹਾ ਕਿ ਵੈਸੇ ਤਾਂ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦਿਖਾਵਾ ਮਾਤਰ ਹੈ ਤੇ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਹਨ।
ਉਨ੍ਹਾਂ ਦੱਸਿਆ ਕਿ ਜਗਰਾਉਂ, ਰਾਏਕੋਟ ਤੇ ਲਾਗਲੇ ਇਲਾਕੇ ਵਿੱਚ ਸਰਵੇਖਣ ਕਰਕੇ ਦੇਖਿਆ ਤਾਂ ਇਹ ਜਾਣਕਾਰੀ ਹਾਸਲ ਹੋਈ ਕਿ ਪੂਸਾ 44 ਦੇ ਬੀਜ ਦੀ ਕਾਲਾਬਾਜ਼ਾਰੀ ਸਿਖ਼ਰਾਂ 'ਤੇ ਹੈ। ਜ਼ਿਲ੍ਹਾ ਪ੍ਰਧਾਨ ਕਮਾਲਪੁਰਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੀ ਕਥਿਤ ਮਿਲੀਭੁਗਤ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਇਸ ਕਾਲਾਬਾਜ਼ਾਰੀ ਕਰਕੇ ਕਿਸਾਨਾਂ ਨੂੰ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ। ਇਕੱਤਰਤਾ ਨੇ ਹੱਥ ਖੜ੍ਹੇ ਕਰਕੇ ਮੰਗ ਕੀਤੀ ਕਿ ਮਹਿੰਗੇ ਭਾਅ ਬੀਜ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਦੇ ਨਾਲ ਨਾਲ ਮਿਲੀਭੁਗਤ ਵਾਲੇ ਖੇਤੀਬਾੜੀ ਅਧਿਕਾਰੀਆਂ ਖ਼ਿਲਾਫ਼ ਤਰੁੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰੀੜ੍ਹ ਦੀ ਹੱਡੀ ਮੰਨੀਆਂ ਜਾਂਦੀਆਂ ਕੋਆਪਰੇਟਿਵ ਬੈਂਕ ਨੇ ਪੂਰੇ ਪੰਜਾਬ ਵਿੱਚ ਕਿਸਾਨਾਂ ਨਾਲ ਲੈਣ ਦੇਣ ਸ਼ੁਰੂ ਕਰ ਦਿੱਤਾ ਹੈ ਪਰ ਰਾਏਕੋਟ ਅਤੇ ਜਗਰਾਉਂ ਦੇ ਏਆਰ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਅ ਰਹੇ। ਇਨ੍ਹਾਂ ਮਸਲਿਆਂ ਸਬੰਧੀ ਇਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਕਿਸਾਨ ਨੁਮਾਇੰਦਿਆਂ ਨੇ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਡੀਆਰ ਲੁਧਿਆਣਾ ਦੇ ਘਿਰਾਓ ਦੀ ਵੀ ਚਿਤਾਵਨੀ ਦਿੱਤੀ।
ਨਹਿਰੀ ਪਾਣੀ ਦੇਣ ਦੇ ਮੁੱਦੇ ’ਤੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅਜੇ ਬਹੁਤ ਪਿੰਡ ਨਹਿਰੀ ਪਾਣੀ ਤੋਂ ਬਾਂਝੇ ਹਨ ਜਦਕਿ ਕੇਂਦਰ ਸਰਕਾਰ ਵਾਧੂ ਪਾਣੀ ਲੈਣ ਲਈ ਪੰਜਾਬ ਸਰਕਾਰ 'ਤੇ ਜ਼ੋਰ ਪਾ ਅਹੀ ਹੈ। ਪੰਜਾਬ ਦੀ ਉਪਜਾਊ ਧਰਤੀ ਨੂੰ ਕੇਂਦਰ ਸਰਕਾਰ ਬੰਜਰ ਬਣਾਉਣ 'ਤੇ ਤੁਲੀ ਹੋਈ ਹੈ ਜਿਸ ਨੂੰ ਪੰਜਾਬ ਦੇ ਕਿਸਾਨ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਜਬਰੀ ਜ਼ਮੀਨਾਂ ਐਕਵਾਇਰ ਕਰਨ ਦੀ ਵੀ ਨਿਖੇਧੀ ਕੀਤੀ ਅਤੇ ਕਿਸਾਨਾਂ 'ਤੇ ਜਬਰ ਢਾਹੁਣ ਵਾਲੇ ਪੁਲੀਸ ਵਾਲਿਆਂ ਖ਼ਿਲਾਫ਼ ਕਾਰਵਾਈ ਮੰਗੀ। ਇਸ ਮੌਕੇ ਇਕੱਤਰਤਾ ਨੂੰ ਬਲਾਕ ਪ੍ਰਧਾਨ ਹਰਚੰਦ ਸਿੰਘ ਢੋਲਣ, ਰਾਏਕੋਟ ਬਲਾਕ ਪ੍ਰਧਾਨ ਰਣਧੀਰ ਸਿੰਘ ਬੱਸੀਆਂ, ਸਤਬੀਰ ਸਿੰਘ ਬੋਪਾਰਾਏ, ਧਰਮ ਸਿੰਘ ਸੂਜਾਪੁਰ, ਪ੍ਰਿੰਸੀਪਲ ਕਰਮਜੀਤ ਸਿੰਘ, ਕਰਨੈਲ ਸਿੰਘ ਹੇਰਾਂ, ਦਵਿੰਦਰ ਸਿੰਘ ਕਾਉਂਕੇ ਕਲਾਂ, ਦੇਸਰਾਜ ਸਿੰਘ ਕਮਾਲਪੁਰਾ, ਸੁਖਦੇਵ ਸਿੰਘ ਦੇਹੜਕਾ, ਸਾਧੂ ਸਿੰਘ ਲੱਖਾ ਤੇ ਹੋਰਨਾਂ ਨੇ ਸੰਬੋਧਨ ਕੀਤਾ।