ਦਿੱਲੀ ਨਗਰ ਨਿਗਮ ਸਦਨ ’ਚ ਭਾਜਪਾ ਤੇ ‘ਆਪ’ ਕੌਂਸਲਰਾਂ ਵਿਚਾਲੇ ਬਹਿਸ


ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜੁਲਾਈ
ਕੌਮੀ ਰਾਜਧਾਨੀ ਵਿੱਚ ਆਏ ਹੜ੍ਹਾਂ ਦੇ ਮੁੱਦੇ ’ਤੇ ਦਿੱਲੀ ਨਗਰ ਨਿਗਮ ਸਦਨ ਵਿੱਚ ਭਾਜਪਾ ਤੇ ‘ਆਪ’ ਕੌਂਸਲਰਾਂ ਵਿਚਾਲੇ ਤਿੱਖੀ ਬਹਿਸ ਹੋਈ। ਸੈਸ਼ਨ ਸ਼ੁਰੂ ਹੋਣ ਦੇ ਦਸ ਮਿੰਟਾਂ ਦੇ ਅੰਦਰ ਹੀ ਵਿਰੋਧ ਸ਼ੁਰੂ ਹੋ ਗਿਆ। ਸਦਨ ਦੇ ਆਗੂ ਮੁਕੇਸ਼ ਗੋਇਲ ਨੇ ਇੱਕ ਮਤੇ ਰਾਹੀਂ ਮਨੀਪੁਰ ਹਿੰਸਾ ਦਾ ਮੁੱਦਾ ਉਠਾਇਆ।
ਭਾਜਪਾ ਨੇ ਹੜ੍ਹਾਂ ਦੇ ਮੁੱਦੇ ’ਤੇ ਦਿੱਲੀ ਸਰਕਾਰ ਨੂੰ ਘੇਰਿਆ। ਸੈਸ਼ਨ ਸ਼ੁਰੂ ਹੋਣ ਦੇ 10 ਮਿੰਟਾਂ ਦੇ ਅੰਦਰ ਹੀ ਭਾਜਪਾ ਕੌਂਸਲਰ ਕੇਜਰੀਵਾਲ ਵਿਰੋਧੀ ਪੋਸਟਰਾਂ/ਬੈਨਰਾਂ ਨਾਲ ਮੇਅਰ ਦੀ ਕੁਰਸੀ ਅੱਗੇ ਆ ਗਏ ਤੇ ਉਨ੍ਹਾਂ ਨਾਅਰੇਬਾਜ਼ੀ ਕੀਤੀ। ‘ਆਪ’ ਕੌਂਸਲਰ ਇਸ ’ਤੇ ਇਤਰਾਜ਼ ਕਰਦੇ ਨਜ਼ਰ ਆਏ ਇਸ ਦੌਰਾਨ ‘ਆਪ’ ਤੇ ਭਾਜਪਾ ਦੇ ਕੌਂਸਲਰਾਂ ਦਰਮਿਆਨ ਤਿਖੀ ਬਹਿਸ ਵੀ ਹੋਈ। ਇਸ ’ਤੇ ਐਮਸੀਡੀ ਦੀ ਮੇਅਰ ਸ਼ੈਲੀ ਓਬਰਾਏ ਨੇ ਸਦਨ ਦੀ ਕਾਰਵਾਈ ਇੱਕ ਵਾਰ 15 ਮਿੰਟ ਲਈ ਮੁਲਤਵੀ ਕਰ ਦਿੱਤੀ। ਦੁਪਹਿਰ ਕਰੀਬ 3 ਵਜੇ ਸਦਨ ਮੁੜ ਸ਼ੁਰੂ ਹੋਇਆ। ਭਾਜਪਾ ਕੌਂਸਲਰਾਂ ਵੱਲੋਂ ਲਗਾਤਾਰ ਨਾਅਰੇਬਾਜ਼ੀ ਕੀਤੀ ਗਈ। ਮੇਅਰ ਓਬਰਾਏ ਨੇ ਕੌਂਸਲਰਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਸਦਨ ਦੀ ਕਾਰਵਾਈ ਚੱਲਣ ਦੇਣ ਦੀ ਬੇਨਤੀ ਕੀਤੀ, ਹਾਲਾਂਕਿ ਭਾਜਪਾ ਦੇ ਕੌਂਸਲਰ ਦਿੱਲੀ ਵਿੱਚ ਹੜ੍ਹਾਂ ਦੌਰਾਨ ਤਿੰਨ ਬੱਚਿਆਂ ਦੀ ਮੌਤ, ਹਾਊਸ ਟੈਕਸ ਦੇ ਸ਼ਡਿਊਲ ਵਿੱਚ ਵਾਧੇ ਸਮੇਤ ਤਬਾਦਲਾ ਡਿਊਟੀ ਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਇੱਕ ਵਾਰ ਫਿਰ ਮੇਅਰ ਦੀ ਕੁਰਸੀ ਅੱਗੇ ਆ ਗਏ। ਨਾਅਰੇਬਾਜ਼ੀ ਤੇ ਹੰਗਾਮਾ ਸ਼ੁਰੂ ਹੁੰਦੇ ਹੀ ਮੇਅਰ ਓਬਰਾਏ ਨੇ ਐਲਾਨ ਕੀਤਾ ਕਿ ਮੀਟਿੰਗ ਦਾ ਏਜੰਡਾ ਬਿਨਾਂ ਕਿਸੇ ਚਰਚਾ ਤੋਂ ਪਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਏਜੰਡਾ ਪਾਸ ਕਰਨ ਤੋਂ ਬਾਅਦ ਸਦਨ ਦੀ ਕਾਰਵਾਈ ਕੁਝ ਮਿੰਟਾਂ ਬਾਅਦ ਹੀ ਮੁਲਤਵੀ ਕਰ ਦਿੱਤੀ। ਇਸ ਤੋਂ ਬਾਅਦ ਭਾਜਪਾ ਕੌਂਸਲਰਾਂ ਨੇ ਥੋੜ੍ਹੇ ਸਮੇਂ ਲਈ ਆਪਣਾ ਧਰਨਾ ਜਾਰੀ ਰੱਖਿਆ। ਵਿਰੋਧੀ ਧਿਰ ਦੇ ਆਗੂ ਰਾਜਾ ਇਕਬਾਲ ਸਿੰਘ ਨੇ ਕਿਹਾ ਕਿ ‘ਆਪ’ ਸਦਨ ਨੂੰ ਚਲਾਉਣਾ ਨਹੀਂ ਚਾਹੁੰਦੀ ਤੇ ਐੱਮਸੀਡੀ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ।