ਗੋਗੀ ਗਰੋਹ ਦਾ ਮੈਂਬਰ ਪੁਲੀਸ ਮੁਕਾਬਲੇ ਵਿੱਚ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਮਈ
ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਜਸਥਾਨ ਦੇ ਇੱਕ ਕਤਲ ਕੇਸ ਵਿੱਚ ਲੋੜੀਂਦੇ ਗੋਗੀ ਗੈਂਗ ਦੇ ਮੈਂਬਰ ਨੂੰ ਰੋਹਿਣੀ ਵਿੱਚ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੂੰ ਵਿਕਾਸ ਉਰਫ਼ ਸਾਕਾ ਵਜੋਂ ਪਛਾਣੇ ਗਏ ਮੁਲਜ਼ਮ ਦੀ ਇਲਾਕੇ ਵਿੱਚ ਮੌਜੂਦਗੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਵੀਰਵਾਰ ਦੇਰ ਰਾਤ ਬਰਵਾਲਾ ਚੌਕ ਨੇੜੇ ਇਹ ਮੁਕਾਬਲਾ ਹੋਇਆ। ਪੁਲੀਸ ਮੁਤਾਬਕ ਵਿਕਾਸ ਨੂੰ ਚੋਰੀ ਦੀ ਮੋਟਰਸਾਈਕਲ ’ਤੇ ਸਵਾਰ ਹੁੰਦੇ ਹੋਏ ਰੋਕਿਆ ਗਿਆ। ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਤਾਂ ਉਸ ਨੇ ਪੁਲੀਸ ਟੀਮ ’ਤੇ ਗੋਲੀ ਚਲਾ ਦਿੱਤੀ, ਜਵਾਬੀ ਕਾਰਵਾਈ ਦੌਰਾਨ ਵਿਕਾਸ ਦੇ ਸੱਜੇ ਪੈਰ ਵਿੱਚ ਗੋਲੀ ਲੱਗੀ। ਮਗਰੋਂ ਉਸ ਨੂੰ ਕਾਬੂ ਕਰ ਲਿਆ। ਪੁਲੀਸ ਨੇ ਉਸ ਕੋਲੋਂ ਪਿਸਤੌਲ, ਤਿੰਨ ਕਾਰਤੂਸ, ਮੋਬਾਈਲ ਫੋਨ ਅਤੇ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕੀਤਾ। ਪੁੱਛਗਿੱਛ ਦੌਰਾਨ ਵਿਕਾਸ ਦੀ ਪਛਾਣ ਗੋਗੀ ਗੈਂਗ ਦੇ ਮੁੱਖ ਮੈਂਬਰ ਵਜੋਂ ਹੋਈ ਅਤੇ ਉਹ ਰਾਜਸਥਾਨ ਦੇ ਅਲਵਰ ਵਿੱਚ ਅਗਵਾ ਅਤੇ ਕਤਲ ਕੇਸ ਦੇ ਸਬੰਧ ਵਿੱਚ ਲੋੜੀਂਦਾ ਸੀ। ਮੁਲਜ਼ਮ ਅਤੇ ਉਸ ਦੇ ਚਚੇਰੇ ਭਰਾ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਅਲਵਰ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਲਾਸ਼ ਨੂੰ ਸਾੜ ਦਿੱਤਾ। ਇਸ ਮਾਮਲੇ ਨਾਲ ਸਬੰਧਤ ਹਰਿਆਣਾ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਗਈ ਸੀ। ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਵਿਕਾਸ ਦੇ ਮੋਬਾਈਲ ਫੋਨ ਵਿੱਚ ਸ਼ੱਕੀ ਸੁਨੇਹੇ ਸਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਕਿਹਾ ਕਿ ਵਿਕਾਸ ਖ਼ਿਲਾਫ਼ ਹਰਿਆਣਾ ਵਿੱਚ ਕਤਲ ਸਣੇ ਪੰਜ ਕੇਸ ਦਰਜ ਹਨ।