ਫ਼ਰੀਦਾਬਾਦ ਦੀਆਂ ਕੁੜੀਆਂ ਨੇ ਕੋਲੰਬੋ ਵਿੱਚ ਜਿੱਤੇ ਤਗ਼ਮੇ
ਪੱਤਰ ਪ੍ਰੇਰਕ
ਫਰੀਦਾਬਾਦ, 24 ਮਈ
ਸ੍ਰੀਲੰਕਾ ਦੇ ਕੋਲੰਬੋ ਵਿੱਚ 16 ਤੋਂ 24 ਮਈ ਤੱਕ ਹੋਈ ਏਸ਼ੀਅਨ ਅੰਡਰ-22 ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਇੱਥੋ ਦੀ ਮਾਹੀ ਸਿਵਾਚ ਨੇ 46-48 ਕਿਲੋਗ੍ਰਾਮ ਭਾਰ ਵਰਗ ਵਿੱਚ ਫਾਈਨਲ ਵਿੱਚ ਕਜ਼ਾਕਿਸਤਾਨ ਦੀ ਅਕਬੋਟਾ ਬੋਲਟ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਇਸ ਦੇ ਨਾਲ ਹੀ, 81 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿੱਚ, ਭਾਰਤ ਦੀ ਪਾਇਲ ਜਾਖੜ ਨੂੰ ਫਾਈਨਲ ਵਿੱਚ ਕਜ਼ਾਕਿਸਤਾਨ ਦੀ ਟੋਕਟਾਸੀਨ ਅਸਿਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਉਸ ਨੇ ਚਾਂਦੀ ਦਾ ਤਗ਼ਮਾ ਜਿੱਤਿਆ।
ਫਰੀਦਾਬਾਦ ਦੀ ਡੱਬੂਆ ਕਲੋਨੀ ਦੀ ਰਹਿਣ ਵਾਲੀ ਮਾਹੀ ਸਿਵਾਚ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ’ਤੇ ਕਈ ਤਗ਼ਮੇ ਜਿੱਤ ਚੁੱਕੀ ਹੈ। ਉਸ ਦੇ ਪਿਤਾ ਦੇਵੇਂਦਰ ਸਿਵਾਚ ਅਤੇ ਮਾਂ ਮੁਨੇਸ਼ ਕੁਮਾਰੀ ਨੇ ਮਾਹੀ ਨੂੰ ਹਰ ਕਦਮ ‘ਤੇ ਪ੍ਰੇਰਿਤ ਕੀਤਾ। ਮਾਹੀ ਨੇ 2024 ਵਿੱਚ ਮੋਂਟੇਨੇਗਰੋ ਦੇ ਬੁਡਵਾ ਵਿੱਚ ਹੋਈਆਂ ਯੂਥ ਵਰਲਡ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
2022 ਵਿੱਚ ਜੌਰਡਨ ਵਿੱਚ ਹੋਈ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿੱਚ, ਉਸ ਨੇ ਚਾਂਦੀ ਦਾ ਤਗਮਾ ਜਿੱਤਿਆ। ਉਸ ਨੇ ਕਰਨਾਟਕ ਵਿੱਚ 2024 ਯੂਥ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ, 2022 ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ, ਅਤੇ ਸਬ-ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਜਿੱਤੇ।
ਦੂਜੇ ਪਾਸੇ, ਮੁਜੇਸਰ, ਫਰੀਦਾਬਾਦ ਦੀ ਰਹਿਣ ਵਾਲੀ ਪਾਇਲ ਜਾਖੜ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਆਪਣੇ ਪਿਤਾ ਮਨੋਜ ਕੁਮਾਰ ਅਤੇ ਮਾਂ ਰੇਖਾ ਦੇਵੀ ਤੋਂ ਪ੍ਰੇਰਿਤ ਹੋ ਕੇ, ਪਾਇਲ ਨੇ ਰਾਸ਼ਟਰੀ ਪੱਧਰ ‘ਤੇ ਕਈ ਤਗਮੇ ਜਿੱਤ ਕੇ ਆਪਣੀ ਪਛਾਣ ਬਣਾਈ ਹੈ। ਇਹ ਉਸ ਦਾ ਪਹਿਲਾ ਵੱਡਾ ਅੰਤਰਰਾਸ਼ਟਰੀ ਤਗਮਾ ਹੈ। ਉਨ੍ਹਾਂ ਦੇ ਕੋਚ, ਅੰਤਰਰਾਸ਼ਟਰੀ ਮੁੱਕੇਬਾਜ਼ ਡਾ. ਰਾਜੀਵ ਗੋਦਾਰਾ ਹਨ।