ਅੱਗ ਕਾਰਨ ਫੈਕਟਰੀ ’ਚ ਧਮਾਕਾ, ਇਮਾਰਤ ਡਿੱਗੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਮਈ
ਦਿੱਲੀ ਦੇ ਬਵਾਨਾ ਉਦਯੋਗਿਕ ਖੇਤਰ ਵਿੱਚ ਅੱਜ ਤੜਕੇ ਅਚਾਨਕ ਇੱਕ ਫੈਕਟਰੀ ’ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਧਮਾਕਾ ਹੋਇਆ ਤੇ ਇਮਾਰਤ ਢਹਿ-ਢੇਰੀ ਹੋ ਗਈ। ਘਟਨਾ ’ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਸਬੰਧੀ ਦਿੱਲੀ ਫਾਇਰ ਬ੍ਰਿਗੇਡ ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਅੱਜ ਸਵੇਰੇ 4.48 ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਸੈਕਟਰ 2 ਵਿੱਚ 17 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਬਹੁ-ਮੰਜ਼ਿਲਾ ਇਮਾਰਤ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਤੇ ਧਮਾਕੇ ਕਾਰਨ ਫੈਕਟਰੀ ਦੀ ਇਮਾਰਤ ਢਹਿ ਢੇਰੀ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਤੋਂ ਥੋੜ੍ਹੀ ਦੇਰ ਬਾਅਦ ਧਮਾਕਾ ਹੋਇਆ, ਜਿਸ ਕਾਰਨ ਨੇੜਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਘਬਰਾ ਗਏ ਅਤੇ ਆਪਣੇ ਘਰਾਂ ਤੋਂ ਬਾਹਰ ਆ ਗਏ। ਅਧਿਕਾਰੀਆਂ ਨੇ ਦੱਸਿਆ ਕਿ ਚਾਰੇ ਪਾਸੇ ਮਲਬਾ ਖਿੱਲਰੇ ਹੋਣ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲੀਸ ਨੇ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਇਮਾਰਤ ਦੇ ਢਾਂਚਾਗਤ ਮਿਆਰਾਂ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਕਾਫ਼ੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ। ਜ਼ਿਕਰਯੋਗ ਹੈ ਕਿ ਅਪਰੈਲ ਤੇ ਮਈ ਵਿੱਚ ਦਿੱਲੀ ਅੰਦਰ ਅੱਗ ਦੀਆਂ ਵੱਡੀਆਂ ਛੋਟੀਆਂ ਦਰਜਨ ਦੇ ਕਰੀਬ ਘਟਨਾਵਾਂ ਵਾਪਰੀਆਂ ਹਨ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਘਰ ਵਿੱਚ ਅੱਗ ਕਾਰਨ ਤਿੰਨ ਜਣੇ ਝੁਲਸੇ
ਪੁਰਾਣੀ ਦਿੱਲੀ ਦੇ ਸ਼ਰਧਾਨੰਦ ਮਾਰਗ ’ਤੇ ਲਾਹੌਰੀ ਗੇਟ ਨੇੜੇ ਫਰਸ਼ ਖਾਨਾ ਖੇਤਰ ਵਿੱਚ ਸਵੇਰੇ 3.40 ਵਜੇ ਦੇ ਕਰੀਬ ਘਰ ਵਿੱਚ ਅੱਗ ਲੱਗਣ ਦੀ ਇਕ ਹੋਰ ਘਟਨਾ ਵਾਪਰੀ। ਦਿੱਲੀ ਫਾਇਰ ਸਰਵਿਸ ਦੇ ਪੰਜ ਅੱਗ ਬੁਝਾਊ ਇੰਜਣਾਂ ਨੂੰ ਮੌਕੇ ਉੱਪਰ ਭੇਜਿਆ ਗਿਆ। ਡੀਐੱਫਐੱਸ ਅਧਿਕਾਰੀਆਂ ਨੇ ਕਿਹਾ ਕਿ ਸਵੇਰੇ 4.50 ਵਜੇ ਤੱਕ ਯੂਨਿਟ ਅੱਗ ’ਤੇ ਕਾਬੂ ਪਾਉਣ ਤੋਂ ਬਾਅਦ ਵਾਪਸ ਆ ਗਏ, ਜੋ ਕਿ ਘਰ ਦੀ ਹੇਠਲੀ ਮੰਜ਼ਲ ’ਤੇ 15 ਬਿਜਲੀ ਮੀਟਰ ਬੋਰਡਾਂ ਅਤੇ ਨੇੜਲੇ ਮੋਟਰਸਾਈਕਲ ’ਤੇ ਲੱਗੀ ਹੋਈ ਸੀ। ਇਸ ਘਟਨਾ ਵਿੱਚ ਤਿੰਨ ਵਿਅਕਤੀ ਝੁਲਸ ਗਏ ਜਿਨ੍ਹਾਂ ਨੂੰ ਪੁਲੀਸ ਅਤੇ ਫਾਇਰ ਸਰਵਿਸਿਜ਼ ਵੱਲੋਂ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ ਵਿੱਚ ਇੱਕ 13 ਸਾਲਾ ਲੜਕਾ ਸ਼ਾਮਲ ਹੈ ਜੋ 50 ਫ਼ੀਸਦ ਸੜ ਗਿਆ। ਬਾਕੀਆਂ ਦੀ ਪਛਾਣ ਨਬੀ ਅਹਿਮਦ ਤੇ ਸ਼ਾਹਨਵਾਜ਼ ਵਜੋਂ ਹੋਈ ਹੈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਤਿੰਨੋਂ ਇਸ ਸਮੇਂ ਡਾਕਟਰੀ ਨਿਗਰਾਨੀ ਹੇਠ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਪਤਾ ਨਹੀਂ ਲੱਗ ਸਕਿਆ।Advertisement