ਕਾਂਗਰਸੀ ਵਰਕਰਾਂ ਵੱਲੋਂ ਤਾਰਾਗੜ੍ਹ ਥਾਣੇ ਮੂਹਰੇ ਪ੍ਰਦਰਸ਼ਨ
ਐੱਨਪੀ ਧਵਨ
ਪਠਾਨਕੋਟ, 18 ਮਾਰਚ
ਕਾਂਗਰਸੀ ਵਰਕਰਾਂ ਵੱਲੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਅਗਵਾਈ ਹੇਠ ਤਾਰਾਗੜ੍ਹ ਥਾਣੇ ਮੂਹਰੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵਿੱਚ ਰਾਕੇਸ਼ ਬੌਬੀ, ਗੌਰਾ ਸੈਣੀ, ਗੁਰਜੀਤ ਸਿੰਘ, ਸਤੀਸ਼ ਸਰਨਾ, ਅਰੁਣ ਬਾਠ, ਜਰਨੈਲ ਸਿੰਘ, ਅਸ਼ਵਨੀ ਕੁਮਾਰ, ਕਸਤੂਰੀ ਲਾਲ, ਉਰਮਲਾ ਦੇਵੀ, ਪੂਨਮ ਦੇਵੀ, ਚੰਪਾ ਦੇਵੀ ਤੇ ਪ੍ਰੀਤੀ ਦੇਵੀ ਆਦਿ ਸ਼ਾਮਲ ਸਨ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼ੇਰਪੁਰ ਗਿੱਦੜਪੁਰ ਦੇ ਵਾਸੀ ਅਨੁਰਾਗ ਸੈਣੀ ਵਿਰੁੱਧ ਉਸੇ ਹੀ ਪਿੰਡ ਦੀ ਔਰਤ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਛੇੜਛਾੜ ਦਾ ਦੋਸ਼ ਲਗਾਇਆ ਗਿਆ ਹੈ। ਇਸ ਗੱਲ ਨੂੰ ਲੈ ਕੇ ਅਨੁਰਾਗ ਸੈਣੀ ਨੂੰ ਪੁਲੀਸ ਨੇ 7 ਮਾਰਚ ਨੂੰ ਚੁੱਕ ਲਿਆਂਦਾ ਪਰ ਬਾਅਦ ਵਿੱਚ ਸ਼ਾਮ ਨੂੰ ਛੱਡ ਦਿੱਤਾ ਗਿਆ। ਅੱਜ ਮੁੜ ਪੁਲੀਸ ਸੈਣੀ ਨੂੰ ਫੜ ਕੇ ਥਾਣੇ ਲੈ ਆਈ ਅਤੇ ਛੇੜਛਾੜ ਕਰਨ ਦਾ ਮਾਮਲਾ ਉਸ ਉਪਰ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਝੂਠਾ ਪਰਚਾ ਦਰਜ ਕੀਤਾ ਗਿਆ ਹੈ, ਅਸਲ ਵਿੱਚ ਵੋਟਾਂ ਵੇਲੇ ਦੀ ਰੰਜਿਸ਼ ਕੱਢੀ ਗਈ ਹੈ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਪੁਲੀਸ ਦੀ ਕਾਰਜਸ਼ੈਲੀ ਅਤੇ ਸਰਕਾਰ ਦੀ ਬਦਲਾਖੋਰੀ ਦੀ ਰਾਜਨੀਤੀ ’ਤੇ ਸਵਾਲ ਉਠਾਏ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਜਿਸ ਤਰ੍ਹਾਂ ਬਦਲੇ ਦੀ ਰਾਜਨੀਤੀ ਰਾਹੀਂ ਕਾਂਗਰਸੀ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਸ ਦੀ ਤਾਜ਼ਾ ਉਦਾਹਰਨ ਅੱਜ ਦੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੂਰੀ ਕਾਂਗਰਸ ਪਾਰਟੀ ਇਸ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਉਹ ਮੰਗ ਕਰਦੇ ਹਨ ਕਿ ਇਹ ਝੂਠਾ ਪਰਚਾ ਰੱਦ ਕੀਤਾ ਜਾਵੇ।