ਸਿੱਖਿਆ ਵਿਭਾਗ ਵੱਲੋਂ ਦਾਖ਼ਲਾ ਮੁਹਿੰਮਾਂ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਮਾਰਚ
ਸਿੱਖਿਆ ਵਿਭਾਗ ਪੰਜਾਬ ਵੱਲੋਂ ‘ਬਿਹਤਰ ਅਨੁਭਵ ਵਿੱਦਿਆ ਮਿਆਰੀ, ਮਾਣ ਪੰਜਾਬ ਦਾ ਸਕੂਲ ਸਰਕਾਰੀ’ ਦੇ ਨਾਅਰੇ ਹੇਠ ਨਵੇਂ ਸੈਸ਼ਨ ਲਈ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਸ਼ੁਰੂ ਕੀਤੀ ਗਈ ’ਦਾਖ਼ਲਾ ਮੁਹਿੰਮ’ ਦਾ ਅੱਜ ਜ਼ਿਲ੍ਹੇ ਅੰਦਰ ਆਗਾਜ਼ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਗਵਾਲ ਮੰਡੀ ਦੇ ਸਰਕਾਰੀ ਸਕੂਲ ਤੋਂ ਜਾਗਰੂਕਤਾ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਅਤੇ ਹਰਭਗਵੰਤ ਸਿੰਘ ਦੀ ਦੇਖ-ਰੇਖ ’ਚ ਸ਼ੁਰੂ ਹੋਈ ਇਸ ‘ਦਾਖ਼ਲਾ ਮੁਹਿੰਮ’ ਦੀ ਸ਼ੁਰੂਆਤ ਮੌਕੇ ਡਿਪਟੀ ਕਮਿਸ਼ਨਰ ਨੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਅੰਦਰ ਹੀ ਦਾਖ਼ਲ ਕਰਾਉਣ ਤਾਂ ਜੋ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ਅੰਦਰ ਮਿਲਣ ਵਾਲੀਆਂ ਅਨੇਕਾਂ ਹੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ। ਦੱਸਣਯੋਗ ਹੈ ਕਿ ਦਾਖ਼ਲਾ ਮੁਹਿੰਮ ਤਹਿਤ ਰਵਾਨਾ ਹੋਣ ਵਾਲੀ ਇਹ ਜਾਗਰੂਕਤਾ ਵੈਨ ਜੋ 20 ਮਾਰਚ ਤੋਂ ਲੈ ਕੇ 22 ਮਾਰਚ ਤੱਕ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ,ਕਸਬਿਆਂ ਤੇ ਸ਼ਹਿਰਾਂ ਵਿੱਚ ਜਾਵੇਗੀ।
ਕਪੂਰਥਲਾ (ਪੱਤਰ ਪ੍ਰੇਰਕ):
ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਸਾਲ 2025-26 ਲਈ ਸਰਕਾਰੀ ਸਕੂਲਾਂ ’ਚ ਬੱਚਿਆਂ ਦਾ ਵੱਧ ਤੋਂ ਵੱਧ ਦਾਖਲਾ ਕਰਾਉਣ ਲਈ ਦਾਖਲਾ ਮੁਹਿੰਮ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਅੱਜ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਹੁਸ਼ਿਆਰਪੁਰ ਰੋਡ ਫਗਵਾੜਾ ਵਿੱਚ ਰੱਖੇ ਗਏ ਬਲਾਕ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸਥਾਨਕ ਏਡੀਸੀ (ਜ)-ਕਮ- ਕਮਿਸ਼ਨਰ ਨਗਰ ਨਿਗਮ ਡਾ. ਅਕਸ਼ਿਤਾ ਗੁਪਤਾ ਵੱਲੋਂ ਦਾਖਲਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਡਾ. ਅਕਸ਼ਿਤਾ ਗੁਪਤਾ ਨੇ ਮਾਪਿਆਂ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਥੇ ਪੜ੍ਹੇ-ਲਿਖੇ ਅਧਿਆਪਕ ਹਨ, ਵਧੀਆ ਇਨਫਰਾਸਟਰੱਕਚਰ, ਮੁਫ਼ਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ।