ਧਾਮੀ ਵੱਲੋਂ ਅਲਟਰਾ ਮਾਡਰਨ ਪ੍ਰਾਈਵੇਟ ਵਾਰਡ ਦਾ ਉਦਘਾਟਨ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 21 ਮਾਰਚ
ਸਿਹਤ ਸਹੂਲਤਾਂ ਨੂੰ ਵਧਾਉਣ ਅਤੇ ਮਰੀਜ਼ਾਂ ਨੂੰ ਅਤਿ-ਆਧੁਨਿਕ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵੱਲ ਇੱਕ ਹੋਰ ਕਦਮ ਚੁੱਕਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਚਾਂਸਲਰ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ ਵਿਖੇ ਅਤਿ-ਆਧੁਨਿਕ ਪ੍ਰਾਈਵੇਟ ਵਾਰਡ ਦਾ ਉਦਘਾਟਨ ਕੀਤਾ। ਸ੍ਰੀ ਧਾਮੀ ਨੇ ਕਿਹਾ ਕਿ 10,000 ਵਰਗ ਫੁੱਟ ਵਿੱਚ ਫੈਲੇ ਇਸ ਵਾਰਡ ਵਿੱਚ 18 ਅਤਿ-ਆਧੁਨਿਕ ਟੈਕਨਾਲੋਜੀ ਨਾਲ ਤਿਆਰ ਕੀਤੇ ਮਰੀਜ਼ਾਂ ਦੇ ਪ੍ਰਾਈਵੇਟ ਕਮਰੇ ਹਨ, ਜਿਨ੍ਹਾਂ ਵਿਚ ਅਤਿ-ਆਧੁਨਿਕ ਬੈੱਡ, ਸੋਫਾ, ਟੈਲੀਵਿਜ਼ਨ, ਰੈਫਰੀਜਰੇਟਰ, ਏਅਰ ਕੰਡੀਸ਼ਨ ਅਤੇ ਅਟੈਚਡ ਬਾਥਰੂਮ ਵਰਗੀਆਂ ਆਧੁਨਿਕ ਅਤੇ ਲੋੜੀਦੀਆਂ ਸਹੂਲਤਾਵਾਂ ਸ਼ਾਮਲ ਹਨ। ਡਾ. ਏ.ਪੀ. ਸਿੰਘ ਨੇ ਕਿਹਾ ਕਿ ਵਾਰਡ ਦਾ ਨਕਸ਼ਾ ਅਤੇ ਆਧੁਨਿਕ ਮੈਡੀਕਲ ਟੈਕਨਾਲੋਜੀ ਹਸਪਤਾਲ ਦੇ ਅੰਦਰ ਗਾਇਨੀ, ਬਾਲ ਰੋਗ, ਅੱਖਾਂ ਅਤੇ ਈਐਨਟੀ ਵਿਭਾਗਾਂ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀ ਗਈ ਹੈ।