ਅੱਠ ਸਾਲਾਂ ਤੋਂ ਪੀਣ ਦੇ ਪਾਣੀ ਦੀ ਸਪਲਾਈ ਠੱਪ
ਗੁਰਬਖਸ਼ਪੁਰੀ
ਤਰਨ ਤਾਰਨ, 23 ਮਾਰਚ
ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਪੰਨੂੰਆਂ ਦੇ ਵਾਸੀ ਬੀਤੇ ਅੱਠ ਸਾਲਾਂ ਤੋਂ ਪੀਣ ਦੇ ਪਾਣੀ ਦੀ ਸਹੂਲਤ ਤੋਂ ਵਾਂਝੇ ਹਨ। ਪਿੰਡ ਵਾਸੀ ਨਰਿੰਦਰ ਸਿੰਘ, ਬੀਬੀ ਹਰਜਿੰਦਰ ਕੌਰ, ਗੁਰਵਿੰਦਰ ਸਿੰਘ, ਗੋਪਾਲ ਸਿੰਘ ਤੇ ਕਸ਼ਮੀਰ ਸਿੰਘ ਆਦਿ ਨੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 10,000 ਤੋਂ ਵੀ ਵਧੇਰੇ ਦੀ ਵਸੋਂ ਵਾਲੇ ਇਸ ਪਿੰਡ ’ਚ ਪਿਛਲੇ ਅੱਠ ਸਾਲਾਂ ਤੋਂ ਪੀਣ ਦੇ ਪਾਣੀ ਦੀ ਸਪਲਾਈ ਠੱਪ ਹੈ ਅਤੇ ਪਿੰਡ ਦੇ ਛੱਪੜਾਂ ਦੀ ਸਫਾਈ ਨਾ ਕੀਤੇ ਜਾਣ ਕਰਕੇ ਬੁਦਬੂ ਫੈਲ ਰਹੀ ਹੈ ਜਿਸ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਪਿੰਡ ਦੀਆਂ ਨਾਲੀਆਂ ਜ਼ਮੀਨਦੋਜ਼ ਨਾ ਹੋਣ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਪਿੰਡ ਦੇ ਲੋਕਾਂ ਲਈ ਬੱਸ ਅੱਡੇ ਤੋਂ ਵੀ ਵਾਂਝੇ ਹਨ। ਲੌਹੁਕਾ, ਨੰਦਪੁਰ ਆਦਿ ਸੰਪਰਕ ਸੜਕਾਂ ਤਾਂ ਖਸਤਾ ਹਾਲ ਬਣ ਗਈਆਂ ਹਨ।
ਪਿੰਡ ਦੀ ਪ੍ਰਤੀਨਿਧਤਾ ਕਰਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਪਿੰਡ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਪਹਿਲਾਂ ਤੋਂ ਉਨ੍ਹਾਂ ਦੇ ਧਿਆਨ ਵਿੱਚ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੀ ਲੌਹੁਕਾ ਸੰਪਰਕ ਸੜਕ ਦੇ ਨਵੀਨੀਕਰਨ ਦਾ ਕੰਮ ਅਤੇ ਛੱਪੜਾਂ ਦੀ ਸਫਾਈ ਅਤੇ ਇਸ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੀਆਂ ਹੋਰ ਮੁਸ਼ਕਲਾਂ ਵੀ ਹੱਲ ਕਰਨ ਲਈ ਵੀ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕਰ ਦਿੱਤੀਆ ਗਈਆਂ ਹਨ।