ਡਡਵਾਲ ’ਚ ਖੇਡ ਸਟੇਡੀਅਮ ਦੀ ਉਸਾਰੀ ਸ਼ੁਰੂ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਵੱਲੋਂ ਸੁਜਾਨਪੁਰ ਹਲਕੇ ਦੇ ਪਿੰਡ ਡਡਵਾਲ ਵਿੱਚ 6 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨਿਰਮਾਣ ਸ਼ੁਰੂ ਕਰਵਾਇਆ। ਇਸ ਮੌਕੇ ਸਰਪੰਚ ਮਮਤਾ ਰਾਣੀ, ਨਰਿੰਦਰ ਕੁਮਾਰ, ਗਰਾਮ ਰੋਜ਼ਗਾਰ ਸੇਵਕ ਹਰਪ੍ਰੀਤ ਸਿੰਘ, ਸ਼ਿਆਮ ਸਿੰਘ, ਸੰਤੋਖ ਕੁਮਾਰ, ਗੁਰਨਾਮ ਸਿੰਘ, ਕਰਨ ਸਿੰਘ ਗੁਲੇਰੀਆ, ਕ੍ਰਿਪਾਲ ਸਿੰਘ, ਵਿਜੇ ਕੁਮਾਰ, ਰਾਜ ਕੁਮਾਰ, ਪ੍ਰਵੀਨ ਕੁਮਾਰ ਅਤੇ ਕੇ ਸਿੰਘ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮੰਟੂ ਨੇ ਦੱਸਿਆ ਕਿ ਪਿੰਡ ਵਿੱਚ ਪੰਚਾਇਤ ਦੀ ਜ਼ਮੀਨ ਖਾਲੀ ਪਈ ਹੋਈ ਹੈ, ਜੋ ਕਿ ਬਰਸਾਤੀ ਪਾਣੀ ਨਾਲ ਹਰ ਸਾਲ ਰੁੜ੍ਹ ਰਹੀ ਸੀ। ਪੰਚਾਇਤ ਦੀ ਮੰਗ ਸੀ ਕਿ ਇਸ ਜ਼ਮੀਨ ਉਪਰ ਖੇਡ ਸਟੇਡੀਅਮ ਬਣਾਇਆ ਜਾਵੇ ਤਾਂ ਜੋ ਇਹ ਜ਼ਮੀਨ ਨੌਜਵਾਨਾਂ ਦੇ ਭਰਤੀ ਹੋਣ ਲਈ ਪ੍ਰੈਕਟਿਸ ਕਰਨ ਵਾਸਤੇ ਵਰਤੋਂ ਵਿੱਚ ਆ ਸਕੇ ਅਤੇ ਨਾਲ ਹੀ ਰੁੜ੍ਹ ਰਹੀ ਇਹ ਕੀਮਤੀ ਜ਼ਮੀਨ ਵੀ ਬਚ ਸਕੇ। ਉਨ੍ਹਾਂ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੂੰ ਪੰਚਾਇਤ ਦੀ ਇਸ ਮੰਗ ਨੂੰ ਪੂਰਾ ਕਰਦਿਆਂ ਹੋਇਆਂ ਨਿਰਦੇਸ਼ ਦਿੱਤਾ ਕਿ ਇਥੇ ਰਿਟੇਨਿੰਗ ਵਾਲ (ਪੱਥਰਾਂ ਦੀ ਦੀਵਾਰ) ਬਣਾ ਕੇ ਰੁੜ੍ਹਨ ਤੋਂ ਬਚਾਇਆ ਜਾਵੇ ਅਤੇ ਫਿਰ ਇਸ ਨੂੰ ਪੱਧਰਾ ਕਰਕੇ ਖੇਡਣ ਤੇ ਨੌਜਵਾਨਾਂ ਦੇ ਅਭਿਆਸ ਕਰਨ ਲਈ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਮਗਨਰੇਗਾ ਤਹਿਤ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਫਿਲਹਾਲ ਪਹਿਲੇ ਪੜਾਅ ਵਿੱਚ 6 ਲੱਖ ਰੁਪਏ ਖਰਚੇ ਜਾਣਗੇ ਅਤੇ ਉਸ ਤੋਂ ਬਾਅਦ ਇਸ ਨੂੰ ਮੁਕੰਮਲ ਕਰਨ ਲਈ ਦੂਸਰੇ ਪੜਾਅ ਵਿੱਚ ਹੋਰ ਫੰਡ ਮੁਹਈਆ ਕਰਵਾਏ ਜਾਣਗੇ।