ਨਸ਼ਿਆਂ ਖ਼ਿਲਾਫ਼ ਜੰਗ: ਪੁਲੀਸ ਵੱਲੋਂ ਨਸ਼ਾ ਪ੍ਰਭਾਵਿਤ ਖੇਤਰਾਂ ’ਚ ਤਲਾਸ਼ੀ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 29 ਮਾਰਚ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਵਿੱਚ ਏਡੀਜੀਪੀ (ਮਨੁੱਖੀ ਅਧਿਕਾਰ) ਨਰੇਸ਼ ਅਰੋੜਾ ਅਤੇ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਦੀ ਦੇਖਰੇਖ ਹੇਠ ‘ਕਾਸੋ’ ਅਪਰੇਸ਼ਨ ਗਿਆ। ਇਸ ਦੌਰਾਨ 600 ਤੋਂ ਵੱਧ ਪੁਲੀਸ ਅਫ਼ਸਰਾਂ ਤੇ ਮੁਲਾਜ਼ਮਾਂ ਨੇ 34 ਥਾਵਾਂ ’ਤੇ ਤਲਾਸ਼ੀ ਲੈ ਕੇ ਲੋੜੀਂਦੀ ਕਾਰਵਾਈ ਕੀਤੀ। ਏਡੀਜੀਪੀ ਨਰੇਸ਼ ਅਰੋੜਾ ਨੇ ਕਿਹਾ ਕਿ ਸੂਬੇ ਭਰ ਵਿਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਚਲਾਏ ਗਏ ਅਪਰੇਸ਼ਨ ਕਾਸੋ ਅਧੀਨ ਤਲਾਸ਼ੀ ਲਈ ਗਈ ਹੈ। ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਅੱਜ ਨਸ਼ਾ ਤਸਕਰੀ ਦੇ 6 ਮਾਮਲੇ ਦਰਜ ਕਰਕੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 270 ਗ੍ਰਾਮ ਹੈਰੋਇਨ, 2060 ਨਸ਼ੀਲੀਆਂ ਗੋਲੀਆਂ ਅਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਜਲੰਧਰ (ਹਤਿੰਦਰ ਮਹਿਤਾ): ਇੱਥੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਏਡੀਜੀਪੀ ਤਕਨੀਕੀ ਸੇਵਾਵਾਂ ਰਾਮ ਸਿੰਘ ਦੀ ਅਗਵਾਈ ਹੇਠ ਪੁਲੀਸ ਕਮਿਸ਼ਨਰ ਜਲੰਧਰ, ਜੁਆਇੰਟ ਪੁਲੀਸ ਕਮਿਸ਼ਨਰ, ਏਡੀਸੀਪੀ ਹੈੱਡਕੁਆਰਟਰ, ਏਡੀਸੀਪੀ-1 ਅਤੇ ਹੋਰ ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਤਲਾਸ਼ੀ ਮੁਹਿੰਮ ਚਲਾਈ ਗਈ। ਜਾਣਕਾਰੀ ਅਨੁਸਾਰ ਮੁਹਿੰਮ ਲਈ 250 ਤੋਂ ਵੱਧ ਪੁਲੀਸ ਅਧਿਕਾਰੀ ਤੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ। ਇਸ ਦੌਰਾਨ ਪੁਲੀਸ ਟੀਮਾਂ ਨੇ ਜਲੰਧਰ ਵਿੱਚ 13 ਨਸ਼ਾ ਪ੍ਰਭਾਵਿਤ ਖੇਤਰਾਂ ਵਿੱਚ ਸ਼ੱਕੀ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਲਈ ਅਤੇ ਮਸ਼ਕੂਕਾਂ ਤੋਂ ਪੁੱਛ-ਪੜਤਾਲ ਕੀਤੀ।
ਬਟਾਲਾ (ਹਰਜੀਤ ਸਿੰਘ ਪਰਮਾਰ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਟਾਲਾ ਪੁਲੀਸ ਵੱਲੋਂ ਅੱਜ ਪਿੰਡ ਸ਼ੇਖੂਪੁਰਾ ਸਮੇਤ ਹੋਰ ਖੇਤਰਾਂ ’ਚ ਵੱਡੀ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਜ਼ਿਲ੍ਹਾ ਪੁਲੀਸ ਮੁਖੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਅੱਜ ਪਿੰਡ ਸ਼ੇਖੂਪੁਰਾ ਸਮੇਤ ਪੁਲੀਸ ਜ਼ਿਲ੍ਹਾ ਬਟਾਲਾ ਦੇ ਵੱਖ-ਵੱਖ ਖੇਤਰਾਂ ਵਿੱਚ ਪੁਲੀਸ ਵੱਲੋਂ ਐੱਸਪੀਜ਼, ਡੀਐੱਸਪੀਜ਼ ਅਤੇ ਥਾਣਾ ਮੁਖੀਆਂ ਦੀ ਅਗਵਾਈ ਹੇਠ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਦੇ ਨਾਲ-ਨਾਲ ਪੁਲੀਸ ਵੱਲੋਂ ਕਈ ਜਨਤਕ ਥਾਵਾਂ ’ਤੇ ਮੁਹਿੰਮ ਚਲਾਈ ਗਈ ਹੈ।
ਨਵਾਂਸ਼ਹਿਰ (ਸੁਰਜੀਤ ਮਜਾਰੀ): ‘ਯੁੱਧ ਨਸ਼ਿਆਂ ਵਿਰੁੱਧ’ ਮਿਸ਼ਨ ਤਹਿਤ ਅੱਜ ਟਰੈਫ਼ਿਕ ਪੰਜਾਬ ਦੇ ਏਡੀਜੀਪੀ ਏਐੱਸ ਰਾਏ ਅਤੇ ਲੁਧਿਆਣਾ ਰੇਂਜ ਦੇ ਡੀਆਈਜੀ ਜਗਦਲੇ ਨਿਲੰਬਰੀ ਵਿਜੇ ਦੀ ਨਿਗਰਾਨੀ ਹੇਠ ਜ਼ਿਲ੍ਹੇ ਦੇ ਨਸ਼ਾ ਪ੍ਰਭਾਵਿਤ ਇਲਾਕੇ ’ਚ ‘ਕਾਰਡਨ ਐਂਡ ਸਰਚ ਆਪਰੇਸ਼ਨ’ (ਕਾਸੋ) ਚਲਾਇਆ ਗਿਆ। ਇਸ ਤਲਾਸ਼ੀ ਮੁਹਿੰਮ ਵਿੱਚ 1 ਐੱਸਪੀ, 6 ਡੀਐੱਸਪੀਜ਼ ਸਮੇਤ 107 ਪੁਲੀਸ ਮੁਲਾਜ਼ਮਾਂ ਦੀਆਂ ਟੀਮਾਂ ਬਣਾ ਕੇ ਜ਼ਿਲ੍ਹੇ ਦੇ ਨਸ਼ਾ ਪ੍ਰਭਾਵਿਤ ਪਿੰਡਾਂ ਤੇ ਵਾਰਡਾਂ ’ਚ ਘੇਰਾਬੰਦੀ ਕਰਕੇ ਤਲਾਸ਼ੀ ਲਈ ਗਈ ਅਤੇ ਵਿਸ਼ੇਸ਼ ਤੌਰ ’ਤੇ ਨਸ਼ਾ ਤਸਕਰੀ ਦੇ ਧੰਦੇ ਵਿਚ ਸ਼ਾਮਲ ਰਹੇ ਵਿਅਕਤੀਆਂ ਦੀ ਚੈਕਿੰਗ ਕੀਤੀ। ਉਪਰੰਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਪੁਲੀਸ ਕਪਤਾਨ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਇਸ ਤਲਾਸ਼ੀ ਮੁਹਿੰਮ ਦੌਰਾਨ 223 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਅਤੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 110 ਨਸ਼ੀਲੀਆਂ ਗੋਲੀਆਂ, 21 ਗ੍ਰਾਮ ਹੈਰੋਇਨ ਅਤੇ 12 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ ਹੈ।
ਰਈਆ (ਦਵਿੰਦਰ ਸਿੰਘ ਭੰਗੂ): ਬਾਬਾ ਬਕਾਲਾ ਸਾਹਿਬ ਵਿੱਚ ਏਡੀਜੀਪੀ ਐੱਮਐੱਫ ਫਾਰੂਕੀ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਬਹੁਤ ਵਧੀਆ ਨਤੀਜੇ ਆਏ ਹਨ।
ਫਗਵਾੜਾ (ਜਸਬੀਰ ਸਿੰਘ ਚਾਨਾ): ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ, ਐੱਸਐੱਸਪੀ ਗੌਰਵ ਤੂਰਾ, ਐੱਸਪੀ ਰੁਪਿੰਦਰ ਕੌਰ ਭੱਟੀ ਤੇ ਡੀਐੱਸਪੀ ਭਾਰਤ ਭੂਸ਼ਣ ਸਮੇਤ ਕਰੀਬ ਸੌ ਤੋਂ ਵੱਧ ਮੁਲਾਜ਼ਮਾਂ ਵੱਲੋਂ ਛੱਜ ਕਲੋਨੀ, ਹਦੀਆਬਾਦ ਖੇਤਰ, ਮਹੇੜੂ ਦੇ ਪੀਜੀ ਤੇ ਹਰਦਾਸਪੁਰ ਦੀ ਚੈਕਿੰਗ ਕੀਤੀ ਗਈ।
ਰੇਲਵੇ ਦੇ ਸਪੈਸ਼ਲ ਡੀਜੀਪੀ ਵੱਲੋਂ ਮੁਹਿੰਮ ਦਾ ਜਾਇਜ਼ਾ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਵਲੋਂ ਇਲਾਕਾ ਗੁਰੂ ਕੀ ਵਡਾਲੀ ਤੇ ਛੇਹਰਟਾ ਵਿੱਚ ਤਲਾਸ਼ੀ ਮੁੁਹਿੰਮ ਚਲਾਈ ਗਈ ਅਤੇ 300 ਪੁਲੀਸ ਮੁਲਾਜ਼ਮਾਂ ਅਤੇ ਅਧਿਕਾਰੀਆ ਵੱਲੋਂ ਇਲਾਕੇ ਵਿਚ ਜਾਂਚ ਕੀਤੀ ਗਈ। ਅਪਰੇਸ਼ਨ ਦੀ ਨਿਗਰਾਨੀ ਰੇਲਵੇ ਦੀ ਸਪੈਸ਼ਲ ਡੀਜੀਪੀ ਸ਼ਸ਼ੀ ਪ੍ਰਭਾ ਦੁਵੇਦੀ ਨੇ ਕਰਦਿਆਂ ਅੰਮ੍ਰਿਤਸਰ ਵਿੱਚ ਚੱਲ ਰਹੇ ਅਪਰੇਸ਼ਨਾਂ ਦਾ ਜਾਇਜ਼ਾ ਲਿਆ। ਇਸ ਮੌਕੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਸਪੈਸ਼ਲ ਡੀਜੀਪੀ ਨੇ ਕਿਹਾ ਨਸ਼ੇ ਦੇ ਧੰਦਾ ਕਰਨ ਵਾਲਿਆਂ ਖਿਲਾਫ ਪੁਲੀਸ ਵੱਲੋਂ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।