ਕੁੱਟਮਾਰ: ਪੀੜਤਾਂ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਮੰਗੀ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 1 ਅਪਰੈਲ
ਪਿੰਡ ਜੌਹਲ ਢਾਏਵਾਲਾ ਦੀ ਇਕ ਵਿਧਵਾ ਔਰਤ ਨੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਹਮਲਾ ਅਤੇ ਘਰ ਦੀ ਭੰਨਤੋੜ ਕਰਨ ਵਾਲਿਆਂ ਖ਼ਿਲਾਫ਼ ਪੁਲੀਸ ਦੇ ਉੱਚ ਅਧਿਕਾਰੀਆਂ ਕੋਲੋਂ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਜਸਵਿੰਦਰ ਕੌਰ ਨੇ ਦੱਸਿਆ ਉਹ ਅਤੇ ਉਸ ਦਾ ਪਰਿਵਾਰ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾ ਕੇ ਆਪਣੇ ਗੁਜ਼ਾਰਾ ਕਰਦਾ ਹੈ। ਤਿੰਨ ਦਿਨ ਪਹਿਲਾਂ ਮੁਹੱਲੇ ’ਚ ਰਹਿਣ ਵਾਲੇ ਕੁੱਝ ਲੋਕਾਂ ਨੇ ਉਧਾਰ ਨਾ ਦੇਣ ਦੀ ਰੰਜਿਸ਼ ਕਾਰਨ ਘਰ ਅਤੇ ਦੁਕਾਨ ਅੰਦਰ ਦਾਖ਼ਲ ਹੋ ਕੇ ਸਾਮਾਨ ਦੀ ਭੰਨਤੋੜ ਕਰਦੇ ਹੋਏ ਉਸ ਦੇ ਲੜਕੇ ਸੁਰਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਦੀ ਕੁੱਟਮਾਰ ਕੀਤੀ ਹੈ। ਪੀੜਤ ਨੇ ਦੋਸ਼ ਲਾਉਂਦੇ ਹੋਏ ਆਖਿਆ ਕਿ ਪੁਲੀਸ ਨੂੰ ਦਿੱਤੀ ਦਰਖ਼ਾਸਤ ਦੇ ਤਿੰਨ ਦਿਨ ਬੀਤਣ ਦੇ ਬਾਵਜੂਦ ਪੁਲੀਸ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਪੀੜਤਾ ਨੇ ਐੱਸਐੱਸਪੀ ਅਭਿਮੰਨਿਊ ਰਾਣਾ ਨੂੰ ਦਰਖ਼ਾਸਤ ਦੇ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਮੰਗੀ ਹੈ।
ਮਾਮਲੇ ਦੀ ਪੜਤਾਲ ਮਗਰੋਂ ਕਾਰਵਾਈ ਕਰਾਂਗੇ: ਡੀਐੱਸਪੀ
ਡੀਐੱਸਪੀ ਅਤੁਲ ਸੋਨੀ ਨੇ ਆਖਿਆ ਕਿ ਮਾਮਲੇ ਹੁਣ ਧਿਆਨ ਵਿੱਚ ਆਇਆ ਹੈ। ਘਟਨਾ ਸਬੰਧੀ ਪੜਤਾਲ ਕਰਕੇ ਮੁਲਜ਼ਮਾਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਆਖਿਆ ਕਿ ਪੁਲੀਸ ਕਾਰਵਾਈ ਵਿੱਚ ਹੋਈ ਦੇਰੀ ਦੀ ਰਿਪੋਰਟ ਐੱਸਐੱਚਓ ਕੋਲੋਂ ਲਈ ਜਾਵੇਗੀ।