ਭਾਜਪਾ ਆਗੂ ਨੇ ਸੜਕ ਹਾਦਸੇ ਕਾਰਨ ਵਿਵਾਦ ਨੂੰ ਆਪਣੇ ’ਤੇ ਹਮਲਾ ਦੱਸਿਆ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 1 ਅਪਰੈਲ
ਇੱਥੇ ਇਕ ਭਾਜਪਾ ਆਗੂ ਵੱਲੋਂ ਐਤਵਾਰ ਦੇਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਉਸ ’ਤੇ ਜਾਨਲੇਵਾ ਹਮਲਾ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਇਹ ਮਾਮਲਾ ਦੋ ਵਾਹਨਾਂ ਦੀ ਟੱਕਰ ਮਗਰੋਂ ਆਪਸੀ ਵਿਵਾਦ ਦਾ ਹੈ। ਥਾਣਾ ਸਿਟੀ ਵਿੱਚ ਡੀਐੱਸਪੀ ਦੇਵ ਦੱਤ ਸ਼ਰਮਾ ਨੇ ਦੱਸਿਆ ਕਿ ਮਾਮਲਾ ਅਸਲ ਵਿੱਚ ਦੋ ਵਾਹਨਾਂ ਦੀ ਆਪਸੀ ਟੱਕਰ ਕਾਰਨ ਹੋਏ ਵਿਵਾਦ ਦਾ ਹੈ ਜਿਸ ਦੌਰਾਨ ਭਾਜਪਾ ਆਗੂ ਨੇ ਉਲਟਾ ਆਪਣੇ ਸਾਥੀਆਂ ਨਾਲ ਮੋਟਰਸਾਈਕਲ ਸਵਾਰਾਂ ਦੀ ਕੁੱਟਮਾਰ ਕੀਤੀ। ਇਸ ਦੌਰਾਨ ਇੱਕ ਨੌਜਵਾਨ ਜ਼ਖਮੀ ਵੀ ਹੋ ਗਿਆ। ਡੀਐਸਪੀ ਨੇ ਦੱਸਿਆ ਕਿ ਭਾਜਪਾ ਆਗੂ ਹਨੀ ਸੂਦ ਨੇ ਆਪਣੇ ਉੱਪਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਘੇਰ ਕੇ ਹਮਲਾ ਕਰਨ ਅਤੇ ਗੋਲੀਆਂ ਚਲਾਉਣ ਦੀ ਜਾਣਕਾਰੀ ਦਿੱਤੀ ਸੀ ਜਦੋਂਕਿ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਅਸਲ ਵਿੱਚ ਇਹ ਮਾਮਲਾ ਹਨੀ ਸੂਦ ਦੀ ਕਾਰ ਅਤੇ ਮੋਟਰਸਾਈਕਲ ਸਵਾਰਾਂ ਦੀ ਆਪਸੀ ਟੱਕਰ ਦਾ ਹੈ। ਥਾਣਾ ਸਦਰ ਦੇ ਨਜ਼ਦੀਕ ਹੋਈ ਇਸ ਟੱਕਰ ਉਪਰੰਤ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਹਨੀ ਸੂਦ ਦੀ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਉਥੋਂ ਕਾਰ ਭਜਾ ਲਈ। ਬੂਲਾਂਵੜੀ ਨਜ਼ਦੀਕ ਇੱਕ ਸੀਸੀਟੀਵੀ ਕੈਮਰੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਗਈ ਅਤੇ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਹਨੀ ਸੂਦ ਨੇ ਆਪਣੀ ਕਾਰ ਰੋਕੀ ਅਤੇ ਆਪਣੇ ਸਾਥੀਆਂ ਸਮੇਤ ਮੋਟਰ ਸਾਈਕਲ ਸਵਾਰਾਂ ਨਾਲ ਕੁੱਟਮਾਰ ਕੀਤੀ। ਡੀਐੱਸਪੀ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।