ਪਿੰਡ ਭੋਰਸ਼ੀ ਰਾਜਪੂਤਾਂ ’ਚ ਨਸ਼ਾ ਤਸਕਰ ਦਾ ਘਰ ਢਾਹਿਆ
ਦਵਿੰਦਰ ਸਿੰਘ ਭੰਗੂ
ਰਈਆ, 29 ਮਾਰਚ
ਪੁਲੀਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪਿੰਡ ਭੋਰਸ਼ੀ ਰਾਜਪੂਤਾਂ ਵਿੱਚ ਬੁਲਡੋਜ਼ਰ ਨਾਲ ਨਸ਼ਾ ਤਸਕਰ ਦਾ ਉਸਾਰੀ ਅਧੀਨ ਘਰ ਢਾਹ ਦਿੱਤਾ। ਜ਼ਿਲ੍ਹਾ ਪੁਲੀਸ ਮੁਖੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਭੋਰਸ਼ੀ ਰਾਜਪੂਤਾਂ ਵਿੱਚ ਨਸ਼ਾ ਤਸਕਰ ਵੱਲੋਂ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਢੰਗ ਨਾਲ ਮਕਾਨ ਉਸਾਰਿਆ ਜਾ ਰਿਹਾ ਸੀ, ਜਿਸ ਨੂੰ ਅੱਜ ਢਾਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਕਿਸੇ ਵੀ ਨਾਗਰਿਕ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਕਰੇਗੀ ਪਰ ਜ਼ਿਲ੍ਹੇ ਨੂੰ ਨਸ਼ਾਮੁਕਤ ਕਰਨ ਵਿੱਚ ਕਿਸੇ ਕਿਸਮ ਦਾ ਸਮਝੌਤਾ ਵੀ ਨਹੀਂ ਕੀਤਾ ਜਾਵੇਗਾ। ਪਿੰਡ ਭੋਰਸ਼ੀ ਰਾਜਪੂਤਾਂ ਵਾਸੀ ਜੇਠਾ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ ਤੇ ਪੁੱਤਰ ਸੁਖਜਿੰਦਰ ਸਿੰਘ, ਬਲਜਿੰਦਰ ਸਿੰਘ ਤੇ ਰਣਜੋਧ ਸਿੰਘ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਅਸਲਾ ਐਕਟ, ਨਸ਼ਾ ਤਸਕਰੀ ਸਮੇਤ 35 ਪਰਚੇ ਦਰਜ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਵੇਚਣ ਦਾ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਹੋ ਜਿਹੀ ਕਾਰਵਾਈ ਕੀਤੀ ਜਾਵੇਗੀ।
ਪਿੰਡ ਜੁੰਗਥ ’ਚ ਨਾਜਾਇਜ਼ ਸ਼ਰਾਬ ਵਿਕਣ ਖ਼ਿਲਾਫ਼ ਮੁਜ਼ਾਹਰਾ
ਪਠਾਨਕੋਟ (ਐਨਪੀ ਧਵਨ): ਦੁਕਾਨਦਾਰਾਂ ਵੱਲੋਂ ਸ਼ਰੇਆਮ ਨਾਜਾਇਜ਼ ਸ਼ਰਾਬ ਵੇਚਣ ਅਤੇ ਪਿਲਾਉਣ ਖ਼ਿਲਾਫ਼ ਪਿੰਡ ਜੁੰਗਥ ਵਾਸੀਆਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਵਿੱਚ ਮਨਜੀਤ ਸਿੰਘ, ਮਨੋਜ ਕੁਮਾਰ, ਕ੍ਰਿਪਾਲ ਸਿੰਘ, ਸੁਨੀਲ ਸਿੰਘ, ਨੇਚਰ ਸਿੰਘ, ਸੋਨੂੰ ਤੇ ਰੂਪ ਲਾਲ ਆਦਿ ਹਾਜ਼ਰ ਸਨ।ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕੁੱਝ ਦੁਕਾਨਦਾਰ ਸ਼ਰੇਆਮ ਨਜਾਇਜ਼ ਸ਼ਰਾਬ ਵੇਚਦੇ ਅਤੇ ਪਿਲਾਉਂਦੇ ਹਨ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ। ਥਾਣਾ ਸ਼ਾਹਪੁਰਕੰਢੀ ਦੇ ਮੁਖੀ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਥਾਣੇ ਦੇ ਮੁਲਾਜ਼ਮ ਮੌਕੇ ’ਤੇ ਪੁੱਜੇ ਸਨ ਪਰ ਉਹ ਲੋਕ ਨਹੀਂ ਮਿਲੇ ਫਿਰ ਵੀ ਜਾਂਚ ਜਾਰੀ ਹੈ।