ਸਿਮਰਨਜੀਤ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਮੰਗ ਪੱਤਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਅਪਰੈਲ
ਅਕਾਲੀ ਦਲ (ਅੰਮ੍ਰਿਤਸਰ) ਨੇ ਅੰਮ੍ਰਿਤਸਰ ਦੇ ਭਗਤਾਂਵਾਲਾ ’ਚ ਕੂੜਾ ਡੰਪ ਕਾਰਨ ਹੋਣ ਵਾਲੇ ਪ੍ਰਦੂਸ਼ਣ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਹਿਯੋਗ ਅਤੇ ਦਖਲ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕੂੜਾ ਡੰਪ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਗੁਰੂਘਰਾਂ ਦੇ ਆਭਾ ਮੰਡਲ ਅਤੇ ਪਵਿੱਤਰ ਸਰੋਵਰਾਂ ਸਮੇਤ ਹੋਰ ਧਾਰਮਿਕ ਸਥਾਨਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਸ ਮੁੱਦੇ ਨੂੰ ਉਠਾਉਣ ਲਈ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ। ਸ਼ਹਿਰ ਵਿਚ ਇਸ ਡੰਪ ’ਤੇ ਕੂੜੇ ਦਾ ਪਹਾੜ ਘੱਟੋ-ਘੱਟ 19 ਮੀਟ੍ਰਿਕ ਟਨ ਦਾ ਹੈ, ਜੋ ਕਿ ਦਰਬਾਰ ਸਾਹਿਬ ਤੋਂ ਸਿਰਫ਼ ਡੇਢ ਕਿਲੋਮੀਟਰ ਦੂਰ ਸਥਿਤ ਹੈ। 20 ਏਕੜ ਰਕਬੇ ’ਚ ਫੈਲੇ ਡੰਪ ’ਤੇ ਸੁੱਟੇ ਗਏ ਕੂੜੇ ਵਿੱਚ ਗਰਮੀ ਦੇ ਦਿਨਾਂ ਵਿਚ ਅਕਸਰ ਅੱਗ ਲੱਗ ਜਾਂਦੀ ਹੈ, ਜੋ ਕਿ ਕਈ ਦਿਨਾਂ ਤੱਕ ਚਲਦੀ ਰਹਿੰਦੀ ਹੈ। ਜਿਸ ਕਾਰਨ ਕੂੜੇ ਦੀ ਰਾਖ ਉਡਦੀ ਹੈ ਅਤੇ ਦੂਰ ਤਕ ਫੈਲ ਜਾਂਦੀ ਹੈ। ਇਸ ਵੇਲੇ ਦਰਬਾਰ ਸਾਹਿਬ ’ਤੇ ਲਗੇ ਸੋਨੇ ਦੀ ਸੁਨਹਿਰੀ ਪਰਤ ਦੀ ਚਮਕ ਪ੍ਰਦੂਸ਼ਣ ਨਾਲ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਕਦਮ ਚੁੱਕੇ ਜਾਣ।