ਪੰਜਾਬ ਸਰਕਾਰ ਦਾ ਬਜਟ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਕਰਾਰ
ਹਤਿੰਦਰ ਮਹਿਤਾ ਹਰਪ੍ਰੀਤ ਕੌਰ
ਜਲੰਧਰ/ਹੁਸ਼ਿਆਰਪੁਰ, 26 ਮਾਰਚ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਵਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ਨੂੰ ਮੁਲਾਜ਼ਮ, ਪੈਨਸ਼ਨਰ ਅਤੇ ਬੇਰੁਜ਼ਗਾਰ ਨੌਜਵਾਨਾਂ ਦਾ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਸ ਬਜਟ ਨੇ ਇਨ੍ਹਾਂ ਵਰਗਾਂ ਲਈ ਨਿਰਾਸ਼ਾ ਦਾ ਆਲਮ ਪੈਦਾ ਕਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਮੌਜੂਦਾ ਸਰਕਾਰ ਆਪਣੇ ਹਰੇਕ ਵਾਅਦੇ ਤੋਂ ਮੁੱਕਰ ਰਹੀ ਹੈ। ਭਗਵੰਤ ਮਾਨ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਨਿਰਾਸ਼ ਕਰਨ ਵਾਲਾ ਹੈ ਜਿਸ ਤੋਂ ਸਰਕਾਰ ਦੀ ਭਵਿੱਖੀ ਕਾਰਗੁਜ਼ਾਰੀ ਦੀ ਝਲਕ ਸਾਫ਼ ਦਿਖਾਈ ਦੇ ਰਹੀ ਹੈ।
ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਕਿਹਾ ਕਿ ਭਾਸ਼ਣਾ ਵਿੱਚ ਝੂਠ ਦਾ ਪੁਲੰਦਾ ਪਰੋਸਣ ਵਾਲੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਵਲੋਂ ਬਜਟ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਲਾਗੂ ਕਰਨ, ਮਿਡ ਡੇ ਮੀਲ, ਆਂਗਣਵਾੜੀ, ਆਸ਼ਾ ਵਰਕਰਾਂ, ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਨ ਦੀ ਕੋਈ ਤਜਵੀਜ਼ ਨਹੀਂ ਹੈ। ਸੂਬੇ ਦੇ ਵੱਖ-ਵੱਖ ਵਿਭਾਗਾਂ ਅੰਦਰ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਨੂੰ ਭਰਨ ਸਬੰਧੀ ਵੀ ਕੋਈ ਜ਼ਿਕਰ ਨਹੀਂ ਹੈ। ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਬੰਦ ਭੱਤਿਆਂ ਨੂੰ ਚਾਲੂ ਕਰਨ ਮੰਹਿਗਾਈ ਭੱਤੇ ਦੀਆਂ ਕਿਸ਼ਤਾਂ, ਵਿਕਾਸ ਟੈਕਸ ਬੰਦ ਕਰਨ ਸਬੰਧੀ ਵੀ ਇਹ ਬਜਟ ਬਿਲਕੁੱਲ ਖਾਮੋਸ਼ ਹੈ।
ਜਥੇਬੰਦੀ ਦੇ ਆਗੂਆਂ ਸੁਖਵਿੰਦਰ ਚਾਹਲ, ਕਰਮਜੀਤ ਬੀਹਲਾ, ਮੱਖਣ ਸਿੰਘ ਵਾਹਿਦਪੁਰੀ, ਹਰਮਨਪ੍ਰੀਤ ਕੌਰ ਗਿੱਲ ਨੇ ਇਸ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਬਜਟ ਨੂੰ ਨਕਾਰਦੇ ਹੋਏ ਦੱਸਿਆ ਕਿ ਸਾਂਝੇ ਫਰੰਟ ਵਲੋਂ 27 ਤੇ 28 ਮਾਰਚ ਨੂੰ ਸੂਬੇ ਭਰ ਵਿੱਚ ਥਾਂ-ਥਾਂ ’ਤੇ ਬਜਟ ਦੀਆਂ ਕਾਪੀਆਂ ਫ਼ੂਕ ਕੇ ਸਰਕਾਰ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ। ਉਨ੍ਹਾਂ ਪ.ਸ.ਸ.ਫ ਵਲੋਂ 10 ਅਪ੍ਰੈਲ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾਈ ਰੈਲੀ ਦੀ ਤਿਆਰੀ ਦਾ ਹੋਕਾ ਵੀ ਦਿੱਤਾ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ, ਸਕੱਤਰ ਧੀਰਜ ਐਰੀ ਅਤੇ ਜ਼ਿਲ੍ਹਾ ਯੁਵਾ ਮੋਰਚੇ ਦੇ ਉਪ ਪ੍ਰਧਾਨ ਮਿਅੰਕ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਖੋਖਲੀ ਸਰਕਾਰ ਦੀ ਤਰ੍ਹਾਂ ਇਸ ਦਾ ਬਜਟ ਵੀ ਖੋਖਲਾ ਹੀ ਸਾਬਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਪੰਜਾਬ ਦੀ ਜਨਤਾ ਨੂੰ ਇਕ ਵਾਰ ਫ਼ਿਰ ਮੂਰਖ ਬਣਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਜਟ ਤਾਂ ਪੇਸ਼ ਕੀਤਾ ਪਰ ਹਕੀਕਤ ’ਚ ਖਜ਼ਾਨਾ ਖਾਲੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਟੈਕਨਾਲੋਜੀ ਐਕਸਟੈਂਸ਼ਨ ਸੈਂਟਰ ਬਣਾਉਣ ਦੀ ਘੋਸ਼ਣਾ ਕੀਤੀ ਹੈ ਜਦੋਂਕਿ ਇਹ ਯੋਜਨਾ ਕੇਂਦਰ ਸਰਕਾਰ ਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਕੇਂਦਰ ਦੀਆਂ ਯੋਜਨਾਵਾਂ ਨੂੰ ਆਪਣਾ ਦੱਸ ਕੇ ਝੂਠੀ ਵਾਹ-ਵਾਹ ਖੱਟ ਰਹੀ ਹੈ।
ਪਠਾਨਕੋਟ (ਐੱਨਪੀ ਧਵਨ): ਪੰਜਾਬ ਸਰਕਾਰ ਦੇ ਵਿੱਤ ਮੰਤਰੀ ਵੱਲੋਂ ਅੱਜ ਪੇਸ਼ ਕੀਤੇ ਗਏ ਬੱਜਟ ਵਿੱਚ ਪੰਜਾਬ ਦੇ ਕਰਮਚਾਰੀ ਪੈਨਸ਼ਨਰਾਂ ਨੂੰ ਕੁੱਝ ਨਾ ਦਿੱਤੇ ਜਾਣ ਤੇ ਮੁਲਾਜ਼ਮ ਪੈਨਸ਼ਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰੋਸ ਪ੍ਰਗਟ ਕਰਨ ਵਾਲਿਆਂ ਮੁਲਾਜ਼ਮ ਆਗੂ ਸਤੀਸ਼ ਸ਼ਰਮਾ, ਸੁਰੇਸ਼ ਕੁਮਾਰ, ਅਮਰਜੀਤ ਸਿੰਘ, ਰਾਜੇਂਦਰ ਧੀਮਾਨ, ਕਮਲ ਦੇਵ, ਕੁਲਦੀਪ ਸ਼ਰਮਾ, ਮੋਹਨ ਸਿੰਘ, ਰਾਜੇਸ਼ ਸੈਣੀ ਹਾਜ਼ਰ ਸਨ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਉਨ੍ਹਾਂ ਲਈ ਕੁੱਝ ਵੀ ਨਹੀਂ ਕੀਤਾ ਗਿਆ।
ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜ਼ਮ ਪੈਨਸ਼ਨਰਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰੇ।
ਬਜਟ ਨੂੰ ਦਿਸ਼ਾਹੀਣ ਦੱਸਿਆ
ਬਲਾਚੌਰ (ਬਹਾਦਰਜੀਤ ਸਿੰਘ): ਅੱਜ ਵਿਧਾਨ ਸਭਾ ਵਿੱਚ ਪੇਸ਼ ਬਜਟ ’ਤੇ ਟਿੱਪਣੀ ਕਰਦੇ ਹੋਏ ਸਾਂਝਾ ਕਿਸਾਨ ਮਜਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਦੇ ਜਨਰਲ ਸਕੱਤਰ ਕਰਨ ਸਿੰਘ ਰਾਣਾ ਨੇ ਪੰਜਾਬ ਦੇ ਬਜਟ ਨੂੰ ਦਿਸ਼ਾਹੀਨ ਅਤੇ ਗੱਪਾਂ ਦਾ ਕੜਾਹ ਦੱਸਿਆ। ਉਨ੍ਹਾਂ ਕਿਹਾ ਇਸ ਬਜਟ ਵਿੱਚ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਔਰਤਾਂ ਅਤੇ ਛੋਟੇ ਵਪਾਰੀਆਂ ਲਈ ਕੁਝ ਵੀ ਨਹੀਂ ਹੈ।ਦੋ ਲਖ 36 ਹਜਾਰ ਕਰੋੜ ਦੇ ਬਜਟ ਵਿੱਚ ਭਾਵੇਂ ਸਿੱਖਿਆ ਲਈ 17 ਹਜਾਰ 200 ਕਰੋੜ ਰੁਪਏ ਰੱਖੇ ਗਏ ਹਨ ਪਰ ਸਕੂਲਾਂ ਨੂੰ ਅਪਗਰੇਡ ਕਰਨ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦਾ ਕੋਈ ਉਪਰਾਲਾ ਨਹੀਂ ਹੈ। ਚੋਣ ਸਮੇਂ ਤਿੰਨ ਸਾਲ ਪਹਿਲਾਂ ਪੰਜਾਬ ਦੀਆਂ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਦਿਵਿਆਂਗ ਜਥੇਬੰਦੀ ਨੇ ਬਜਟ ਨੂੰ ਨਿਰਾਸ਼ਾਜਨਕ ਦੱਸਿਆ
ਤਰਨ ਤਾਰਨ (ਗੁਰਬਖ਼ਸ਼ਪੁਰੀ): ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਪੰਜਾਬ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਤੀਜੇ ਬਜ਼ਟ ਨੂੰ ਵਿਧਵਾਵਾਂ, ਬਜ਼ੁਰਗਾਂ, ਤੇ ਦਿਵਿਆਂਗ ਵਰਗ ਲਈ ਨਿਰਾਸ਼ਾ ਵਾਲਾ ਬਜ਼ਟ ਆਖਿਆ ਹੈ| ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਤੋਂ ਤੰਗ ਆਕੇ ਬਦਲਾਅ ਲਿਆਉਣ ਦੇ ਝਾਂਸੇ ਵਿੱਚ ਆ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਸੀ ਜਿਸ ਦੀ ਕਾਰਗੁਜ਼ਾਰੀ ਨੇ ਆਮ ਲੋਕਾਂ ਦੇ ਹਿੱਤਾਂ ਦੀ ਲਗਾਤਾਰ ਅਣਦੇਖੀ ਕੀਤੀ ਹੈ| ਜਥੇਬੰਦੀ ਦੀ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਦਵਿੰਦਰ ਕੌਰ ਫਗਵਾੜਾ ਨੇ ਕਿਹਾ ਕਿ ਇਸ ਬਜਟ ਵਿੱਚ ਅਨਾਥ ਬੱਚਿਆਂ, ਬਜ਼ੁਰਗਾਂ, ਵਿਧਵਾਵਾਂ, ਬੇਸਹਾਰਾ ਔਰਤਾਂ ਅਤੇ ਦਿਵਿਆਂਗ ਵਰਗ ਲਈ 6,175 ਕਰੋੜ ਰੁਪਏ ਤਾਂ ਰੱਖੇ ਗਏ ਹਨ ਪਰੰਤੂ ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਗਰੰਟੀ ਅਤੇ ਦਿਵਿਆਂਗ ਵਿਅਕਤੀਆਂ ਦੀ 2500 ਰੁਪਏ ਮਹੀਨਾ ਪੈਨਸ਼ਨ ਦਾ ਬਜਟ ਵਿੱਚ ਸਰਕਾਰ ਵੱਲੋਂ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਜਲੰਧਰ ਵਿੱਚ 10 ਅਪਰੈਲ ਨੂੰ ਰੈਲੀ ਕਰਨ ਦਾ ਐਲਾਨ
ਤਲਵਾੜਾ (ਦੀਪਕ ਠਾਕੁਰ): ਅੱਜ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ’ਚ ਪੇਸ਼ ਬਜਟ ਨੇ ਵਿਚ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਨਿਰਾਸ਼ ਕੀਤਾ। ਪੰਜਾਬ ਸੁਬਾਰਡੀਨੇਟ ਸਰਵਿਸਿਸ ਫੈਡਰੇਸ਼ਨ (ਪਸਸਫ਼) ਦੇ ਬਲਾਕ ਪ੍ਰਧਾਨ ਰਾਜੀਵ ਸ਼ਰਮਾ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬਲਾਕ ਪ੍ਰਧਾਨ ਮਨਮੋਹਨ ਸਿੰਘ , ਪੈਨਸ਼ਨਰਜ਼ ਐਸੋਸਿਏਸ਼ਨ ਦੇ ਤਹਿਸੀਲ ਪ੍ਰਧਾਨ ਗਿਆਨ ਸਿੰਘ ਗੁਪਤਾ ਆਦਿ ਨੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਪੇਸ਼ ਕੀਤੇ ਬਜ਼ਟ ਨੂੰ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਦਸਿਆ ਹੈ। ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕਰਕੇ ਸੱਤਾ ’ਚ ਆਈ ‘ਆਪ’ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਬਿਤ ਮੰਗਾਂ ’ਤੇ ਤੀਜੇ ਸਾਲ ਵੀ ਬਜ਼ਟ ਵਿੱਚ ਕੋਈ ਧਿਆਨ ਨਹੀਂ ਦਿੱਤਾ, ਨਾ ਹੀ ਸਰਕਾਰ ਨੇ ਆਊਟ ਸੋਰਸ, ਠੇਕਾ ਮੁਲਾਜ਼ਮਾਂ, ਮਾਣ ਭੱਤੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਕੋਈ ਤਜਵੀਜ਼ ਰੱਖੀ ਹੈ। ਬਜ਼ਟ ’ਚ ਪੁਰਾਣੀ ਪੈਨਸ਼ਨ ਬਹਾਲੀ ਦਾ ਅਧੂਰਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਸਰਵਿਸ ਰੂਲਜ਼ 1972 ਤਹਿਤ ਪੈਨਸ਼ਨ ਅਤੇ ਔਰਤਾਂ ਨੂੰ ਇੱਕ ਹਜ਼ਾਰ ਰੁਪਇਆ ਪ੍ਰਤੀ ਮਹੀਨਾ ਦੇਣ ਬਾਰੇ ਸਰਕਾਰ ਨੇ ਕੋਈ ਜ਼ਿਕਰ ਨਹੀਂ ਕੀਤਾ ਹੈ।