ਐਂਪਲਾਈਜ਼ ਵੈੱਲਫੇਅਰ ਫੈਡਰੇਸ਼ਨ ਦਾ ਵਫ਼ਦ ਚੇਅਰਮੈਨ ਗੜ੍ਹੀ ਨੂੰ ਮਿਲਿਆ
ਗਜ਼ਟਿਡ ਅਤੇ ਨਾਨ ਗਜ਼ਟਿਡ ਐੱਸਸੀਬੀਸੀ ਐਂਪਲਾਈਜ਼ ਵੈੱਲਫੇਅਰ ਫੈਡਰੇਸ਼ਨ ਨੇ ਅਨੁਸੂਚਿਤ ਜਾਤੀ ਭਲਾਈ ਵਿਭਾਗ ਦੇ ਸੂਬਾ ਚੇਅਰਮੈਨ ਜਸਵੀਰ ਸਿੰਘ ਪਾਲ ਦੀ ਅਗਵਾਈ ਹੇਠ ਸੂਬਾ ਵਾਈਸ ਚੇਅਰਮੈਨ ਬਲਾਜ ਕੁਮਾਰ ਤੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਦੀ ਅਗਵਾਈ ’ਚ ਅਨੁਸੂਚਿਤ ਜਾਤੀ ਭਲਾਈ ਵਿਭਾਗ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨਾਲ ਚੰਡੀਗੜ੍ਹ ਵਿੱਚ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਫੈਡਰੇਸ਼ਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਤੇ ਜ਼ਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਬਲਦੇਵ ਸਿੰਘ ਧੁੱਗਾ ਨੇ ਦੱਸਿਆ ਕਿ ਉਨ੍ਹਾਂ 1995 ਤੋਂ 85ਵੀਂ ਸੋਧ ਨੂੰ ਬਹਾਲ ਕਰਨਾ ਅਤੇ 10-10-2014 ਦਾ ਗੈਰ ਸੰਵਿਧਾਨਿਕ ਪੱਤਰ ਰੱਦ ਕਰਨ ਦੀ ਮੰਗ ਕੀਤੀ ਹੈ। ਭਰਤੀ ਤੇ ਤਰੱਕੀਆਂ ਵਿੱਚ ਅਨੁਸੂਚਿਤ ਜਾਤੀ ਦੀ ਆਬਾਦੀ ਦੇ ਅਨੁਸਾਰ ਰਾਖਵਾਂਕਰਨ ਦੇਣ, ਵਧੀਕ ਸਕੱਤਰ ਪੰਜਾਬ ਸਰਕਾਰ ਰਮੇਸ਼ ਕੁਮਾਰ ਗੈਂਟਾ ਦੀ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਤਿਆਰ ਕੀਤੀ ਰਿਪੋਰਟ ਨੂੰ ਲਾਗੂ ਕਰਨ ਅਤੇ ਐੱਸਸੀ ਵਿਦਿਆਰਥੀਆਂ ਦੇ ਖਾਤਿਆਂ ਦੇ ਵਿੱਚ ਵਜ਼ੀਫਾ ਰਾਸ਼ੀ ਨੂੰ ਸਮੇਂ ਅਨੁਸਾਰ ਟਰਾਂਸਫਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਵਫ਼ਦ ਨੂੰ ਮੰਗਾਂ ਛੇਤੀ ਪੂਰੀਆਂ ਕਰਨ ਦਾ ਭਰੋਸ ਦਿੱਤਾ ਹੈ। ਇਸ ਮੌਕੇ ਸਤਵੰਤ ਸਿੰਘ ਤੂਰਾ ਪ੍ਰਧਾਨ ਕਪੂਰਥਲਾ, ਪਰਮਜੀਤ ਸਿੰਘ ਜੌੜਾ ਜ਼ਿਲ੍ਹਾ ਪ੍ਰਧਾਨ ਜਲੰਧਰ ਤੇ ਬਲਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਆਦਿ ਹਾਜ਼ਰ ਸਨ।