ਦੋਆਬਾ ਸਾਹਿਤ ਸਭਾ ਵੱਲੋਂ ਸਨਮਾਨ ਸਮਾਰੋਹ ਤੇ ਕਵੀ ਦਰਬਾਰ
ਖੇਤਰ ਦੀ ਸਾਹਿਤਕ ਸੰਸਥਾ ਦੋਆਬਾ ਸਾਹਿਤ ਸਭਾ ਵੱਲੋਂ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬਿੱਕਰ ਸਿੰਘ ਅਤੇ ਸਕੱਤਰ ਪਵਨ ਕੁਮਾਰ ਭੰਮੀਆਂ ਦੀ ਅਗਵਾਈ ਹੇਠ ਇੱਥੋਂ ਦੇ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਵਿੱਚ ਸਲਾਨਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਰੋਹ ਵਿੱਚ ਇਲਾਕੇ ਦੇ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰਧਾਨਗੀ ਮੰਡਲ ਵਿੱਚ ਪ੍ਰੋ. ਸੰਧੂ ਵਰਿਆਣਵੀ, ਡਾ. ਗੁਰਜੰਟ ਸਿੰਘ, ਪ੍ਰਿੰਸੀਪਲ ਬਿੱਕਰ ਸਿੰਘ, ਪ੍ਰਿੰਸੀਪਲ ਅਮਨਦੀਪ ਕੌਰ ਹੀਰਾ ਅਤੇ ਸ਼ਾਇਰ ਰੇਸ਼ਮ ਚਿੱਤਰਕਾਰ ਨੇ ਸ਼ਿਰਕਤ ਕੀਤੀ ਅਤੇ ਸ਼ਮਾ ਰੌਸ਼ਨ ਕਰਕੇ ਇਸ ਸਮਾਰੋਹ ਦਾ ਆਗਾਜ਼ ਕੀਤਾ। ਇਸ ਮੌਕੇ ਸਭਾ ਦੇ ਅਹੁਦੇਦਾਰ ਸੰਤੋਖ ਸਿੰਘ ਵੀਰ ਵੱਲੋਂ ਲਿਖੀ ਪੁਸਤਕ ‘ਗੁਰਸਿੱਖੀ ਦੀ ਏਹ ਨਿਸ਼ਾਨੀ’ ਦਾ ਅਗਲਾ ਭਾਗ, ਸ਼ਾਇਰ ਸਰਵਣ ਸਿੱਧੂ ਦਾ ਗਜ਼ਲ ਸੰਗ੍ਰਹਿ ‘ਮੇਰੀ ਸਾਧਨਾ’ ਅਤੇ ਪਵਨ ਕੁਮਾਰ ਭੰਮੀਆਂ ਦੀ ਨਵੀਂ ਪੁਸਤਕ ‘ਗਦਰ ਲਹਿਰ ਅਤੇ ਬੱਬਰ ਲਹਿਰ ਦੀ ਦਾਸਤਾਨ’ ਲੋਕ ਅਰਪਣ ਕੀਤੀ ਗਈ। ਸਭਾ ਦੇ ਅਹੁਦੇਦਾਰਾਂ ਵੱਲੋਂ ਦਿੱਤੇ ਜਾਂਦੇ ਸਾਲਾਨਾ ਯਾਦਗਾਰੀ ਐਵਾਰਡਾਂ ਵਿੱਚ ਮੇਜਰ ਸਿੰਘ ਮੌਜੀ ਯਾਦਗਾਰੀ ਐਵਾਰਡ ਪ੍ਰੋਫੈਸਰ ਸੰਧੂ ਵਰਿਆਣਵੀ ਨੂੰ, ਪ੍ਰਿੰਸੀਪਲ ਸੁਜਾਨ ਸਿੰਘ ਪੁਰਸਕਾਰ ਪ੍ਰੋ. ਬਲਵੀਰ ਕੌਰ ਨੂੰ ਅਤੇ ਜਨਾਬ ਉਲਫਤ ਬਾਜਵਾ ਪੁਰਸਕਾਰ ਸ੍ਰੀ ਸਤਪਾਲ ਸਾਹਲੋਂ ਨੂੰ ਅਤੇ ਉਤਸ਼ਾਹਿਤ ਪੁਰਸਕਾਰ ਤਾਰਾ ਸਿੰਘ ਚੇੜਾ ਨੂੰ ਪ੍ਰਦਾਨ ਕੀਤਾ ਗਿਆ। ਸਮਾਰੋਹ ਮੌਕੇ ਹਾਜ਼ਰ ਕਵੀਆਂ ਜਗਦੀਸ਼ ਰਾਣਾ, ਮਨੋਜ ਫਗਵਾੜਵੀ, ਰਮੇਸ਼ ਬੇਧੜਕ, ਰੇਸ਼ਮ ਚਿੱਤਰਕਾਰ, ਰਣਜੀਤ ਪੋਸੀ, ਕ੍ਰਿਸ਼ਨ ਗੜਸ਼ੰਕਰੀ, ਮਾਸਟਰ ਹੰਸਰਾਜ ਤੇ ਮਾਸਟਰ ਮੁਕੇਸ਼ ਗੁਜਰਾਤੀ ਆਦਿ ਨੇ ਕਵਿਤਾਵਾਂ ਨਾਲ ਰੰਗ ਬੰਨ੍ਹਿਆ। ਜਸਵੀਰ ਬੇਗਮਪੁਰੀ ਨੇ ਪੁਸਤਕਾਂ ਦੀ ਵਿਕਰੀ ਪ੍ਰਦਰਸ਼ਨੀ ਲਗਾਈ।