ਕੇਂਦਰ ਨੇ ਓਲਾ ਇਲੈਕਟ੍ਰਿਕ ਤੋਂ ਵਾਹਨ ਰਜਿਸਟਰੇਸ਼ਨ ਅਤੇ ਵਿਕਰੀ ਵਿੱਚ ਅੰਤਰ ਤੇ ਸਪਸ਼ਟੀਕਰਨ ਮੰਗਿਆ
ਨਵੀਂ ਦਿੱਲੀ, 21 ਮਾਰਚ
ਭਾਰੀ ਉਦਯੋਗ ਅਤੇ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲਾ ਨੇ ਓਲਾ ਇਲੈਕਟ੍ਰਿਕ ਮੋਬਿਲਿਟੀ ਲਿਮਿਟੇਡ ਤੋਂ ‘ਵਾਹਨ ਪੋਰਟਲ’ ’ਤੇ ਵਾਹਨਾਂ ਦੇ ਰਜਿਸਟਰੇਸ਼ਨ ਅਤੇ ਸ਼ੇਅਰ ਬਜ਼ਾਰ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਵਿਕਰੀ ਵਿੱਚ ਅੰਤਰ ਬਾਰੇ ਜਾਣਕਾਰੀ ਮੰਗੀ ਹੈ। ਓਲਾ ਇਲੈਕਟ੍ਰਿਕ ਮੋਬਿਲਿਟੀ ਲਿਮਿਟੇਡ ਨੇ ਸ਼ੇਅਰ ਬਜ਼ਾਰ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਮੰਤਰਾਲਿਆਂ ਨੇ ਵਪਾਰ ਪ੍ਰਮਾਣ ਪੱਤਰਾਂ ਦੀ ਲੋੜ ਦੇ ਪਾਲਣ ਨਾ ਕਰਨ ਨਾਲ ਸੰਬੰਧਿਤ ਰਿਪੋਰਟ ’ਤੇ ਵੀ ਸਪਸ਼ਟੀਕਰਨ ਮੰਗਿਆ ਹੈ।
ਕੰਪਨੀ ਦੀ ਜਾਣਕਾਰੀ ਦੇ ਅਨੁਸਾਰ ਦੋਹਾਂ ਮੰਤਰਾਲਿਆਂ ਵੱਲੋਂ ਪੁੱਛੇ ਗਏ ਸਵਾਲ ਵਾਹਨ ਪੋਰਟਲ ਦੇ ਅਨੁਸਾਰ ਵਾਹਨ ਰਜਿਸਟਰੇਸ਼ਨ ਅਤੇ ਫਰਵਰੀ 2025 ਦੇ ਮਹੀਨੇ ਲਈ ਕੰਪਨੀ ਦੀ 28 ਫਰਵਰੀ 2025 ਦੀ ਨਿਆਮਕ ਜਾਣਕਾਰੀ ਅਨੁਸਾਰ ਵਿਕਰੀ ਵਿੱਚ ਵੱਡੇ ਅੰਤਰ ਨਾਲ ਸਬੰਧਿਤ ਹਨ। ਓਲਾ ਇਲੈਕਟ੍ਰਿਕ ਨੇ ਕਿਹਾ, ‘‘ਕੰਪਨੀ ਵੱਲੋਂ ਉਪਰੋਕਤ ਮਾਮਲੇ ਦਾ ਜਵਾਬ ਦੇਣ ਦੀ ਪ੍ਰਕਿਰਿਆ ਜਾਰੀ ਹੈ।’’ ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਵਿੱਚ ‘ਵਾਹਨ ਪੋਰਟਲ’ ’ਤੇ ਓਲਾ ਇਲੈਕਟ੍ਰਿਕ ਵੱਲੋਂ ਰਜਿਸਟਰ ਕੀਤੇ ਗਏ ਵਾਹਨਾਂ ਦੀ ਕੁੱਲ ਸੰਖਿਆ 8,652 ਸੀ, ਜਦਕਿ ਨਿਆਮਕ ਜਾਣਕਾਰੀ ਵਿੱਚ ਕੰਪਨੀ ਨੇ ਫਰਵਰੀ 2025 ਦੌਰਾਨ 25,000 ਤੋਂ ਜਿਆਦਾ ਇਕਾਈਆਂ ਦੀ ਵਿਕਰੀ ਦੀ ਜਾਣਕਾਰੀ ਦਿੱਤੀ ਸੀ।
ਇਸੇ ਤਰ੍ਹਾਂ 20 ਮਾਰਚ ਤੱਕ ‘ਵਾਹਨ ਪੋਰਟਲ’ ’ਤੇ ਕੰਪਨੀ ਦੇ ਰਜਿਸਟਰ ਕੀਤੇ ਗਏ ਵਾਹਨਾਂ ਦੀ ਸੰਖਿਆ 11,781 ਸੀ। ਕੰਪਨੀ ਨੇ ਕਿਹਾ ਕਿ ਉਸ ਨੂੰ ਚਾਰ ਰਾਜਾਂ ਵਿੱਚ ਆਪਣੇ ਕੁਝ ਸਟੋਰਾਂ ਲਈ ਵਪਾਰ ਪ੍ਰਮਾਣ ਪੱਤਰਾਂ ਸਬੰਧੀ ਨੋਟਿਸ ਮਿਲੇ ਹਨ। ਉਹ ਇਸਦਾ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ। ਓਲਾ ਇਲੈਕਟ੍ਰਿਕ ਨੇ ਵੱਖਰੇ ਤੌਰ ’ਤੇ ਬਿਆਨ ਵਿੱਚ ਕਿਹਾ ਕਿ ਉਸ ਦੀ ਵਿਕਰੀ ਮਜ਼ਬੂਤ ਬਣੀ ਹੋਈ ਹੈ ਅਤੇ ਵਾਹਨ ਰਜਿਸਟਰੇਸ਼ਨ ਲਈ ਜ਼ਿੰਮੇਵਾਰ ਵਿਕਰੇਤਿਆਂ ਨਾਲ ਚੱਲ ਰਹੀ ਗੱਲਬਾਤ ਕਾਰਨ ਫਰਵਰੀ ਵਿੱਚ ਅਸਥਾਈ ‘‘ਬੈਕਲਾਗ’’ ਬਣ ਗਿਆ। -ਪੀਟੀਆਈ