ਏਟੀਐੱਮ ’ਚੋਂ ਪਹਿਲੀ ਮਈ ਤੋਂ ਪੈਸੇ ਕਢਵਾਉਣੇ ਹੋਣਗੇ ਹੋਰ ਮਹਿੰਗੇ
ਮੁੰਬਈ, 28 ਮਾਰਚ
ਹੁਣ ਪਹਿਲੀ ਮਈ ਤੋਂ ਏਟੀਐੱਮ ’ਚੋਂ ਪੈਸੇ ਕਢਾਉਣੇ ਹੋਰ ਮਹਿੰਗੇ ਹੋ ਜਾਣਗੇ ਕਿਉਂਕਿ ਭਾਰਤੀ ਰਿਜ਼ਰਵ ਬੈਂਕ ਨੇ ਏਟੀਐੱਮ ’ਚੋਂ ਪੈਸੇ ਕਢਵਾਉਣ ਵਾਲੇ ਚਾਰਜਿਜ਼ ਦੋ ਰੁਪਏ ਵਧਾ ਕੇ 23 ਰੁਪਏ ਕਰ ਦਿੱਤੇ ਹਨ। ਉਂਝ ਮਹੀਨੇ ’ਚ ਪੰਜ ਵਾਰ ਏਟੀਐੱਮ ’ਚੋਂ ਮੁਫ਼ਤ ’ਚ ਪੈਸੇ ਕਢਵਾਏ ਜਾ ਸਕਦੇ ਹਨ। ਇਸ ਮਗਰੋਂ ਏਟੀਐੱਮ ’ਚੋਂ ਪੈਸੇ ਕਢਵਾਉਣ ’ਤੇ 23 ਰੁਪਏ ਚਾਰਜਿਜ਼ ਲੱਗਣਗੇ। ਮੌਜੂਦਾ ਸਮੇਂ ਮੁਫ਼ਤ ਪੈਸੇ ਕਢਵਾਉਣ ਦੀ ਹੱਦ ਮੁੱਕਣ ਮਗਰੋਂ ਬੈਂਕਾਂ ਵੱਲੋਂ ਗਾਹਕਾਂ ਤੋਂ 21 ਰੁਪਏ ਵਸੂਲੇ ਜਾਂਦੇ ਹਨ। ਮਹਾਨਗਰਾਂ ’ਚ ਗਾਹਕ ਤਿੰਨ ਵਾਰ ਅਤੇ ਹੋਰਨਾਂ ਥਾਵਾਂ ’ਤੇ ਪੰਜ ਵਾਰ ਏਟੀਐੱਮ ’ਚੋਂ ਮੁਫ਼ਤ ਵਿੱਚ ਪੈਸੇ ਕਢਵਾ ਸਕਦੇ ਹਨ। ਆਰਬੀਆਈ ਨੇ ਕਿਹਾ, ‘ਮੁਫ਼ਤ ’ਚ ਪੈਸੇ ਕਢਵਾਉਣ ਤੋਂ ਬਾਅਦ ਗਾਹਕ ਤੋਂ ਹਰ ਵਾਰ ਏਟੀਐੱਮ ’ਚੋਂ ਪੈਸੇ ਕਢਵਾਉਣ ਲਈ ਵੱਧ ਤੋਂ ਵੱਧ 23 ਰੁਪਏ ਦੇ ਚਾਰਜਿਜ਼ ਵਸੂਲੇ ਜਾ ਸਕਦੇ ਹਨ। ਇਹ ਨਿਯਮ 1 ਮਈ ਤੋਂ ਅਮਲ ’ਚ ਆਵੇਗਾ।’ ਆਰਬੀਆਈ ਨੇ ਕਿਹਾ ਕਿ ਇਹ ਨਿਰਦੇਸ਼ ‘ਕੈਸ਼ ਰਿਸਾਈਕਲਰ ਮਸ਼ੀਨ’ ’ਤੇ ਕੀਤੇ ਗਏ ਲੈਣ-ਦੇਣ ’ਤੇ ਵੀ ਲਾਗੂ ਹੋਣਗੇ। -ਪੀਟੀਆਈ