ਕੇਂਦਰੀ ਨੀਤੀਆਂ ਲੋਕਤੰਤਰ ਲਈ ਖ਼ਤਰਾ ਕਰਾਰ
ਹਤਿੰਦਰ ਮਹਿਤਾ
ਜਲੰਧਰ, 2 ਅਪਰੈਲ
ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਵਿਚ ਧਰਮ-ਨਿਰਪੱਖਤਾ, ਜਮਹੂਰੀਅਤ ਅਤੇ ਸੰਘੀ ਢਾਂਚੇ ਲਈ ਉੱਭਰ ਰਹੇ ਖ਼ਤਰਿਆਂ ਅਤੇ ਦਿਨੋ-ਦਿਨ ਪੰਜਾਬ ਦੇ ਗੰਭੀਰ ਹੁੰਦੇ ਜਾ ਰਹੇ ਮਸਲਿਆਂ ’ਤੇ ਵਿਚਾਰ ਕਰਨ ਲਈ ਅੱਜ ਇਥੇ ਦੇਸ਼ ਭਗਤ ਯਾਦਗਾਰ ਹਾਲ ਵਿਚ ਰਾਜ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਪ੍ਰਮੁੱਖ ਬੁੱਧੀਜੀਵੀਆਂ ਦੀ ਸਾਂਝੀ ਮੀਟਿੰਗ ਹੋਈ। ਮੀਟਿੰਗ ਵਿਚ ਸ਼ਿਰਕਤ ਕਰਨ ਵਾਲੇ ਸਿਆਸੀ ਆਗੂਆਂ ਅਤੇ ਬੁੱਧੀਜੀਵੀਆਂ ਨੇ ਇਕਸੁਰ ਵਿਚ ਬੋਲਦਿਆਂ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ ਕਿ ਧਰਮ ਨਿਰਪੱਖਤਾ, ਜਮਹੂਰੀਅਤ ਤੇ ਸੰਘੀ ਢਾਂਚੇ ਨੂੰ ਕੇਂਦਰੀ ਸਰਕਾਰ ਦੀਆਂ ਕੇਂਦਰਵਾਦੀ ਨੀਤੀਆਂ ਕਾਰਨ ਹਕੀਕੀ ਰੂਪ ’ਚ ਵੱਡੇ ਖ਼ਤਰੇ ਪੈਦਾ ਹੋ ਰਹੇ ਹਨ।
ਮੀਟਿੰਗ ’ਚ ਕਾਂਗਰਸੀ ਆਗੂ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੀਪੀਆਈ. ਦੇ ਸਕੱਤਰ ਕਾਮਰੇਡ ਬੰਤ ਬਰਾੜ, ਆਰਐਮਪੀਆਈ ਦੇ ਕੌਮੀ ਆਗੂ ਮੰਗਤ ਰਾਮ ਪਾਸਲਾ, ਸੀਪੀ.ਆਈ.(ਐੱਮ.) ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖ਼ਤਪੁਰ, ਸੀਨੀਅਰ ਸੂਬਾਈ ਆਗੂ ਸੁਖਦੇਵ ਸਿੰਘ ਤੇ ਵਿਜੇ ਕੁਮਾਰ, ਆਰ. ਐਮ. ਪੀ. ਆਈ. ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਪ੍ਰਗਟ ਸਿੰਘ ਜਮਾਰਾਏ ਅਤੇ ਸੂਬਾ ਸਕੱਤਰੇਤ ਦੇ ਮੈਂਬਰਾਨ ਪ੍ਰੋ. ਜੈਪਾਲ ਸਿੰਘ, ਸੱਜਣ ਸਿੰਘ, ਐਮ.ਸੀ.ਪੀ.ਆਈ. ਯੂ. ਦੇ ਆਗੂ ਮੰਗਤ ਰਾਏ ਲੌਂਗੋਵਾਲ ਨੇ ਸ਼ਿਰਕਤ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕੇਂਦਰਵਾਦੀ ਨੀਤੀਆਂ ਕਾਰਨ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਸੰਘੀ ਢਾਂਚੇ ਨੂੰ ਹਕੀਕੀ ਰੂਪ ਵਿਚ ਵੱਡੇ ਖ਼ਤਰੇ ਪੈਦਾ ਹੋ ਰਹੇ ਹਨ, ਜਿਨ੍ਹਾਂ ਖ਼ਿਲਾਫ਼ ਡਟਣਾ ਸਮੇਂ ਦੀ ਲੋੜ ਹੈ। ਇਸ ਮੌਕੇ ਪੰਜਾਬ ਦੇ ਬੁੱਧੀਜੀਵੀਆਂ ਅਤੇ ਲੇਖਕਾਂ ਵਿਚੋਂ ਪ੍ਰੋ. ਵਰਿਆਮ ਸਿੰਘ ਸੰਧੂ, ਪ੍ਰੋ. ਜਗਰੂਪ ਸਿੰਘ ਸੇਖੋਂ, ਕੇਂਦਰੀ ਲੇਖਕ ਸਭਾ ਦੇ ਸਕੱਤਰ ਡਾ. ਦਰਸ਼ਨ ਸਿੰਘ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੋਸਾਂਝ, ਉੱਘੇ ਪੱਤਰਕਾਰ ਤੇ ਚਿੰਤਕ ਹਮੀਰ ਸਿੰਘ, ਪ੍ਰੋ ਅਮਰਜੀਤ ਸਿੰਘ ਸਿੱਧੂ ਨੇ ਵੀ ਵਿਚਾਰ ਰੱਖੇ।