ਕਿਸਾਨ ਲਹਿਰ ਦੇ ਸ਼ਹੀਦਾਂ ਦੀ ਯਾਦ ’ਚ ਕਾਨਫਰੰਸ
ਪੱਤਰ ਪ੍ਰੇਰਕ
ਚੇਤਨਪੁਰਾ, 6 ਅਪਰੈਲ
ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨ ਲਹਿਰ ਦੇ ਸ਼ਹੀਦ ਸਾਥੀ ਬਲਦੇਵ ਸਿੰਘ ਮਾਨ, ਸਰਬਜੀਤ ਸਿੰਘ ਭਿੱਟੇਵੱਡ, ਅੰਗਰੇਜ਼ ਸਿੰਘ ਕਾਮਲਪੁਰਾ ਤੇ ਕਾਬਲ ਸਿੰਘ ਲਸ਼ਕਰੀ ਨੰਗਲ ਦੀ ਯਾਦ ਵਿੱਚ ਕਰਵਾਈ ਕਾਨਫਰੰਸ ਦੌਰਾਨ ਕਿਸਾਨ ਆਗੂਆਂ ਨੇ ਕਿਸਾਨੀ ਦੇ ਸੰਕਟ ਲਈ ਜ਼ਿੰਮੇਵਾਰ ਰਸਾਇਣਕ ਖੇਤੀ ਮਾਡਲ, ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਸੰਕਟ ਅਤੇ ਦਰਿਆਈ ਪਾਣੀਆਂ ਦੀ ਵੰਡ, ਸੂਬਿਆਂ ਦੇ ਅਧਿਕਾਰ, ਕਿਸਾਨ ਪੱਖੀ, ਕੁਦਰਤ ਪੱਖੀ, ਹੰਢਣਸਾਰ ਤੇ ਬਹੁ ਫ਼ਸਲੀ ਖੇਤੀ ਮਾਡਲ, ਕਰਜ਼ਾ ਮੁਕਤੀ, ਅਬਾਦਕਾਰਾਂ ਨੂੰ ਮਾਲਕੀ ਹੱਕ ਆਦਿ ਮਾਮਲਿਆਂ ਤੇ ਸੰਜੀਦਾ ਬਹਿਸ ਛੇੜਨ ਦਾ ਸੱਦਾ ਦਿੱਤਾ। ਇਸ ਮੌਕੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਤੇ ਸੂਬਾ ਪ੍ਰੈੱਸ ਸਕੱਤਰ ਤੇ ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਰਮਿੰਦਰ ਸਿੰਘ ਪਟਿਆਲਾ ਅਤੇ ਔਰਤ ਵਿੰਗ ਦੀ ਸੂਬਾ ਕਨਵੀਨਰ ਹਰਦੀਪ ਕੌਰ ਕੋਟਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਸਮਝਦੀ ਹੈ ਕਿ ਅੱਜ ਕਿਸਾਨ ਲਹਿਰ ਦੇ ਮੁੱਦਿਆਂ ਨੂੰ ਨਵੀਂ ਤਰਤੀਬ ਦੇਣੀ ਪਵੇਗੀ ਕਿਉਂਕਿ ਖੇਤੀਬਾੜੀ ਦੇ ਹਲਾਤ ਬਦਲ ਗਏ ਹਨ ਤੇ ਧਰਤੀ ਹੇਠਲੇ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਕਣਕ ਝੋਨੇ ਦੀ ਖੇਤੀ ਛੱਡ ਬਦਲਵਾਂ ਕੁਦਰਤ ਪੱਖੀ, ਕਿਸਾਨ ਪੱਖੀ, ਹੰਢਣਸਾਰ ਖੇਤੀ ਮਾਡਲ ਅਪਣਾਉਣਾ ਪਵੇਗਾ ਤੇ ਖੇਤੀ ਸੂਬਿਆਂ ਦਾ ਅਧਿਕਾਰ ਹੋਣ ਕਰਕੇ ਕੁਝ ਫ਼ਸਲਾਂ ਬਾਸਮਤੀ, ਮੱਕੀ, ਮੂੰਗੀ, ਆਲੂ, ਮਟਰ, ਗੋਭੀ ਆਦਿ ਦੀ ਐੱਮਐੱਸਪੀ ਪੰਜਾਬ ਸਰਕਾਰ ਨੂੰ ਦੇਣ ਲਈ ਜ਼ਿੰਮੇਵਾਰੀ ਲੈਣੀ ਪਵੇਗੀ। ਪਾਕਿਸਤਾਨ ਤੇ ਹੋਰ ਦੇਸ਼ਾਂ ਨਾਲ ਵਪਾਰ ਖੁਲਵਾਉਣਾ ਪਵੇਗਾ। ਪੰਜਾਬ ਦੇ ਫੈਡਰਲ ਹੱਕਾਂ ’ਤੇ ਕੇਂਦਰ ਸਰਕਾਰ ਵੱਲੋਂ ਮਾਰੇ ਡਾਕੇ ਨੂੰ ਬੰਦ ਕਰਵਾਉਣਾ ਪਵੇਗਾ ਤੇ ਪੰਜਾਬ ਪੁਨਰਗਠਨ ਐਕਟ 1966 ਦੀਆਂ ਗੈਰਸੰਵਿਧਾਨਕ ਧਾਰਾਵਾਂ 78,79,80 ਨੂੰ ਰੱਦ ਕਰਨਾ ਹੋਵੇਗਾ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਟਰੰਪ ਦੀਆਂ ਸ਼ਰਤਾਂ ’ਤੇ ਮੁਕਤ ਵਪਾਰ ਸਮਝੌਤਾ ਕਰਕੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਹਿੱਤਾਂ ਨੂੰ ਵੇਚਣ ਤੋਂ ਬਾਜ ਆਵੇ।