ਕੈਨੇਡਾ ਦੀ ਆਬਾਦੀ 4 ਕਰੋੜ 15 ਲੱਖ ਤੋਂ ਟੱਪੀ
06:01 AM Mar 23, 2025 IST
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 22 ਮਾਰਚ
ਕੈਨੇਡਾ ਦੇ ਅੰਕੜਾ ਵਿਭਾਗ ਅਨੁਸਾਰ ਪਹਿਲੀ ਜਨਵਰੀ ਤੱਕ ਕੈਨੇਡਾ ਦੀ ਆਬਾਦੀ 4,15,28,680 ਹੋ ਗਈ ਹੈ ਪਰ ਆਬਾਦੀ ਵਧਣ ਦੀ ਦਰ 1.8 ਤੋਂ ਘਟ ਕੇ 1.2 ਫੀਸਦ ਰਹਿ ਗਈ ਹੈ। 2024 ਦੀ ਆਖ਼ਰੀ ਤਿਮਾਹੀ ਵਿੱਚ ਜਨਮੇ ਅਤੇ ਪੱਕੇ ਹੋਏ 63,382 ਲੋਕਾਂ ਦੇ ਵਾਧੇ ਦੇ ਬਾਵਜੂਦ ਇਸ ਤਿਮਾਹੀ ਦੌਰਾਨ ਅਸਥਾਈ (ਕੱਚੇ) ਨਿਵਾਸੀਆਂ ਦੀ ਗਿਣਤੀ ਵਿੱਚ 28,341 ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਮਝਿਆ ਜਾ ਰਿਹਾ ਹੈ ਕਿ ਜਾਂ ਤਾਂ ਇਹ ਲੋਕ ਸਰਕਾਰੀ ਸਖ਼ਤੀ ਕਾਰਨ ਆਪਣੇ ਦੇਸ਼ਾਂ ਨੂੰ ਪਰਤ ਗਏ ਹਨ ਜਾਂ ਸਰਕਾਰ ਵੱਲੋਂ ਡਿਪੋਰਟ ਕਰ ਦਿੱਤੇ ਗਏ ਹਨ। ਜੂਨ 2022 ਦੌਰਾਨ ਕੈਨੇਡਾ ਦੀ ਆਬਾਦੀ 4 ਕਰੋੜ ਤੋਂ ਟੱਪੀ ਸੀ। ਅੰਕੜਾ ਏਜੰਸੀ ਅਨੁਸਾਰ ਪਿਛਲੇ ਸਾਲ ਦੀ ਆਖਰੀ ਤਿਮਾਹੀ ਦੀ ਵਾਧਾ ਦਰ 2020 ਦੀ ਆਖਰੀ ਤਿਮਾਹੀ ਦੇ ਉਸ ਘੱਟੋ-ਘੱਟ ਅੰਕੜੇ ਤੋਂ ਵੀ ਘੱਟ ਹੈ, ਜਦੋਂ ਕਰੋਨਾ ਕਾਰਨ ਬਹੁਤ ਘੱਟ ਲੋਕ ਕੈਨੇਡਾ ਆਏ ਸਨ। ਉਂਝ 2024 ਸਾਲ ਦੌਰਾਨ ਆਬਾਦੀ ਦਾ ਸਮੁੱਚਾ ਵਾਧਾ 7,44,324 ਦਰਜ ਕੀਤਾ ਗਿਆ ਹੈ।
Advertisement
Advertisement