ਪਾਕਿਸਤਾਨ ਦਾ ਜੰਮੂ ਕਸ਼ਮੀਰ ਦੇ ਕੁੱਝ ਇਲਾਕੇ ’ਤੇ ਨਾਜਾਇਜ਼ ਕਬਜ਼ਾ: ਭਾਰਤ
ਸੰਯੁਕਤ ਰਾਸ਼ਟਰ, 25 ਮਾਰਚ
ਭਾਰਤ ਨੇ ਸੰਯੁਕਤ ਰਾਸ਼ਟਰ (ਯੂਐੱਨ) ਵਿੱਚ ਪਾਕਿਸਤਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਸ ਦਾ ਜੰਮੂ ਕਸ਼ਮੀਰ ਦੇ ਕੁੱਝ ਇਲਾਕੇ ’ਤੇ ਨਾਜਾਇਜ਼ ਕਬਜ਼ਾ ਜਾਰੀ ਹੈ, ਜੋ ਉਸ ਨੂੰ ਛੱਡਣਾ ਪਵੇਗਾ। ਇਹ ਟਿੱਪਣੀ ਸੋਮਵਾਰ ਨੂੰ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਰਾਜਦੂਤ ਪਰਵਤਾਨੇਨੀ ਹਰੀਸ਼ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (ਯੂਐੱਨਐੱਸਸੀ) ਵਿੱਚ ਯੂਐੱਨ ਦੇ ਸ਼ਾਂਤੀ ਕਾਰਜਾਂ ਸਬੰਧੀ ਵਿਸ਼ੇ ’ਤੇ ਖੁੱਲ੍ਹੀ ਬਹਿਸ ਦੌਰਾਨ ਕੀਤੀ। ਹਰੀਸ਼ ਨੇ ਆਖਿਆ, ‘‘ਜੰਮੂ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ। ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਕੁੱਝ ਇਲਾਕੇ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜੋ ਉਸ ਨੂੰ ਖਾਲੀ ਕਰਨਾ ਪਵੇਗਾ।’’ ਭਾਰਤੀ ਰਾਜਦੂਤ ਦੀ ਇਹ ਪ੍ਰਤੀਕਿਰਿਆ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਖੁੱਲ੍ਹੀ ਬਹਿਸ ਦੌਰਾਨ ਜੰਮੂ ਕਸ਼ਮੀਰ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ ਆਈ ਹੈ। ਉਨ੍ਹਾਂ ਕਿਹਾ, ‘‘ਇਸ ਤਰ੍ਹਾਂ ਵਾਰ-ਵਾਰ ਜ਼ਿਕਰ ਨਾ ਤਾਂ ਉਨ੍ਹਾਂ (ਪਾਕਿਸਤਾਨ) ਦੇ ਨਾਜਾਇਜ਼ ਦਾਅਵਿਆਂ ਨੂੰ ਮਾਨਤਾ ਦਿੰਦਾ ਹੈ ਤੇ ਨਾ ਹੀ ਉਨ੍ਹਾਂ ਵੱਲੋਂ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਹੱਲਾਸ਼ੇਰੀ ਦੇਣ ਨੂੰ ਜਾਇਜ਼ ਠਹਿਰਾਉਂਦਾ ਹੈ।’’ ਹਰੀਸ਼ ਨੇ ਕਿਹਾ, ‘‘ਅਸੀਂ ਪਾਕਿਸਤਾਨ ਨੂੰ ਸਲਾਹ ਦੇਵਾਂਗੇ ਕਿ ਉਹ ਆਪਣੇ ਸੌੜੇ ਤੇ ਫੁੱਟਪਾਊ ਏਜੰਡੇ ਨੂੰ ਅੱਗੇ ਵਧਾਉਣ ਲਈ ਇਸ ਪਲੈਟਫਾਰਮ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਨਾ ਕਰੇ।’’ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਭਾਰਤ ਹੋਰ ਤਫ਼ਸੀਲ ਵਿੱਚ ਜਵਾਬ ਦੇਣ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਦੂਰ ਰਹੇਗਾ। ਭਾਰਤ ਵੱਲੋਂ 5 ਅਗਸਤ 2019 ਨੂੰ ਧਾਰਾ 370 ਰੱਦ ਕਰਨ, ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕਰਨ ਅਤੇ ਸੂਬੇ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡੇ ਜਾਣ ਮਗਰੋਂ ਦੋਵਾਂ ਮੁਲਕਾਂ ਦੇ ਸਬੰਧਾਂ ’ਚ ਨਿਘਾਰ ਆਇਆ ਹੈ। -ਪੀਟੀਆਈ
ਸ਼ਾਂਤੀ ਸੈਨਿਕਾਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ’ਤੇ ਜ਼ੋਰ

ਸੰਯੁਕਤ ਰਾਸ਼ਟਰ: ਯੂਐੱਨ ’ਚ ਭਾਰਤ ਦੇ ਸਥਾਈ ਨੁਮਾਇੰਦੇ ਰਾਜਦੂਤ ਪਰਵਤਾਨੇਨੀ ਹਰੀਸ਼ ਨੇ ਕਿਹਾ ਕਿ ਸ਼ਾਂਤੀ ਸਥਾਪਨਾ ਜ਼ੋਖਮ ਰਹਿਤ ਕੋਸ਼ਿਸ਼ ਨਹੀਂ ਹੈ। ਹਰੀਸ਼ ਨੇ ਯੂਐੱਨਐੱਸਸੀ ਵਿੱਚ ਕਿਹਾ ਕਿ ਸ਼ਾਂਤੀ ਸੈਨਿਕਾਂ ਨੂੰ ਹਥਿਆਰਬੰਦ ਗੁਟਾਂ ਤੇ ਦਹਿਸ਼ਤਗਰਦਾਂ ਨਾਲ ਜੂਝਣਾ ਪੈਂਦਾ ਹੈ। ਇਸ ਲਈ ਸ਼ਾਂਤੀ ਸੈਨਿਕਾਂ ਵਿਰੁੱਧ ਅਪਰਾਧਾਂ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਣਾ ਚਾਹੀਦਾ ਹੈ। -ਪੀਟੀਆਈ