ਧਰਮਕੋਟ ਵਿਚ ਸਥਾਪਤ ਹੋਵੇਗਾ ਦੂਸਰਾ ਪੰਚਾਇਤੀ ਬਲਾਕ
ਹਰਦੀਪ ਸਿੰਘ
ਧਰਮਕੋਟ 27 ਮਾਰਚ
ਪੰਜਾਬ ਸਰਕਾਰ ਨੇ ਹਲਕੇ ਵਿਚ ਇਕ ਹੋਰ ਪੰਚਾਇਤੀ ਬਲਾਕ ਨੂੰ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਹਲਕੇ ਅੰਦਰ ਗ੍ਰਾਮ ਪੰਚਾਇਤਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਪ੍ਰਭਾਵਿਤ ਹੋ ਰਹੇ ਕੰਮਾਂ ਦੇ ਮੱਦੇਨਜ਼ਰ ਪੰਚਾਇਤ ਵਿਭਾਗ ਨੇ ਇਹ ਫੈਸਲਾ ਲਿਆ ਹੈ। ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਕੋਟ ਈਸੇ ਖਾਂ ਬਲਾਕ ਵੱਡਾ ਹੋਣ ਕਰਕੇ ਇਸ ਦੇ ਘੇਰੇ ਹੇਠ ਆਉਦੀਆ 138 ਗਰਾਮ ਪੰਚਾਇਤਾਂ ਦੇ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਸਨ।
ਉਨ੍ਹਾਂ ਪੰਚਾਇਤਾਂ ਦੇ ਕੰਮਕਾਜ ਸੁਖਾਲਹ ਬਣਾਉਣ ਲਈ ਮੰਗ ਅਨੁਸਾਰ ਸਾਰਾ ਮਾਮਲਾ ਮੁੱਖ ਮੰਤਰੀ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਸਾਹਮਣੇ ਰੱਖਿਆ ਸੀ। ਸਰਕਾਰ ਨੇ ਹੁਣ ਇਸ ਤੇ ਅਮਲ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਜ਼ਿਲ੍ਹਾ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੋਂ ਸਵੈ ਸਪੱਸ਼ਟ ਤਜਵੀਜ਼ ਮੰਗੀ ਹੈ। ਜ਼ਿਲ੍ਹਾ ਅਧਿਕਾਰੀਆਂ ਪਾਸੋਂ ਤਜਵੀਜ਼ ਮਿਲਣ ਤੋਂ ਬਾਅਦ ਨਵੇਂ ਬਣਾਏ ਜਾ ਰਹੇ ਪੇਂਡੂ ਵਿਕਾਸ ਬਲਾਕ ਦਾ ਖਰੜਾ ਤਿਆਰ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਨਵੇਂ ਬਣਨ ਵਾਲੇ ਬਲਾਕ ਨਾਲ ਕੋਟ ਈਸੇ ਖਾਂ ਦੀਆਂ 68 ਅਤੇ ਮੋਗਾ 1 ਬਲਾਕ ਦੀਆਂ 9 ਗਰਾਮ ਪੰਚਾਇਤਾਂ ਜੋੜਿਆ ਜਾਵੇਗਾ। ਵਿਧਾਇਕ ਢੋਸ ਨੇ ਹਲਕੇ ਦੇ ਸਰਬਪੱਖੀ ਵਿਕਾਸ ਦੀ ਵੱਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਹਲਕੇ ਨੂੰ ਸਾਰੀਆਂ ਹੀ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ।