ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦਾ ਦੇਹਾਂਤ
ਜਲੰਧਰ(ਹਤਿੰਦਰ ਮਹਿਤਾ): ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਤੇ ਅਨੁਵਾਦਕ ਪ੍ਰੇਮ ਪ੍ਰਕਾਸ਼ (92) ਦਾ ਅੱਜ ਬਾਅਦ ਦੁਪਹਿਰ ਦੇਹਾਂਤ ਹੋ ਗਿਆ। ਉਨ੍ਹਾਂ ਆਪਣੇ ਮਾਸਟਰ ਮੋਤਾ ਸਿੰਘ ਨਗਰ ਸਥਿਤ ਘਰ ’ਚ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਸੋਮਵਾਰ ਨੂੰ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ’ਚ ਕੀਤਾ ਜਾਵੇਗਾ। ਪ੍ਰੇਮ ਪ੍ਰਕਾਸ਼ ਦਾ ਜਨਮ 7 ਅਪਰੈਲ 1932 ਨੂੰ ਪਿੰਡ ਬਦੀਨਪੁਰ ਨੇੜੇ ਖੰਨਾ ’ਚ ਹੋਇਆ ਸੀ ਅਤੇ ਉਹ ਮੂਲ ਰੂਪ ’ਚ ਖੰਨਾ ਸ਼ਹਿਰ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਲੰਬਾ ਸਮਾਂ ਜਲੰਧਰ ਤੋਂ ਨਿਕਲਦੇ ਉਰਦੂ ਦੇ ਅਖ਼ਬਾਰ ਲਈ ਸੇਵਾਵਾਂ ਦਿੱਤੀਆਂ ਸਨ ਤੇ ਉਹ ਜਲੰਧਰ ਹੀ ਪੱਕੇ ਤੌਰ ’ਤੇ ਵਸ ਗਏ। 1947 ਤੋਂ ਬਾਅਦ ਦੇ ਪੂਰਬੀ ਪੰਜਾਬੀ ਸਾਹਿਤ ’ਚ ਮਿੰਨੀ ਕਹਾਣੀ ਦੇ ਲੇਖਕਾਂ ’ਚ ਉਨ੍ਹਾਂ ਦਾ ਨਾਮ ਵੀ ਮੂਹਰਲੀ ਕਤਾਰ ’ਚ ਆਉਂਦਾ ਸੀ। ਉਨ੍ਹਾਂ ਨੂੰ ਪੰਜਾਬ ਰਤਨ, ਸਾਹਿਤ ਅਕੈਡਮੀ ਸਮੇਤ ਅਨੇਕਾਂ ਐਵਾਰਡ ਮਿਲੇ ਹਨ। ਲਖਵਿੰਦਰ ਸਿੰਘ ਜੌਹਲ, ਇੰਜ. ਕਰਮਜੀਤ ਸਿੰਘ, ਭਗਵੰਤ ਰਸੂਲਪੁਰੀ, ਹਰਮੀਤ ਸਿੰਘ ਅਟਵਾਲ, ਮਦਨ ਬੰਗੜ, ਸੁਖਪਾਲ ਥਿੰਦ, ਪਰਮਜੀਤ ਸਿੰਘ, ਜਤਿੰਦਰ ਪੰਮੀ, ਸਤਨਾਮ ਮਾਣਕ ਸਮੇਤ ਹੋਰ ਸਾਹਿਤਕਾਰਾਂ ਨੇ ਉਨ੍ਹਾਂ ਦੇ ਦੇਹਾਂਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।