ਪਾਕਿਸਤਾਨੀ ਫ਼ੌਜ ਵੱਲੋਂ ਪੁਣਛ ’ਚ ਗੋਲੀਬੰਦੀ ਦੀ ਉਲੰਘਣਾ
ਜੰਮੂ, 2 ਅਪਰੈਲ
ਪਾਕਿਸਤਾਨੀ ਸੈਨਿਕਾਂ ਨੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਕੰਟਰੋਲ ਰੇਖਾ (ਐਨਓਸੀ) ’ਤੇ ਬਾਰੂਦੀ ਸੁਰੰਗ ’ਚ ਧਮਾਕੇ ਮਗਰੋਂ ਬਿਨਾਂ ਭੜਕਾਹਟ ਦੇ ਗੋਲੀਬਾਰੀ ਕਰਕੇ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਸੈਨਾ ਦੇ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਨੇ ਗੋਲੀਬੰਦੀ ਦੀ ਉਲੰਘਣਾ ਦਾ ਢੁੱਕਵੇਂ ਢੰਗ ਨਾਲ ਜਵਾਬ ਦਿੱਤਾ ਹੈ ਅਤੇ ਐੱਲਓਸੀ ’ਤੇ ਸਥਿਤੀ ਕਾਬੂ ਹੇਠ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਬੀਤੇ ਦਿਨ ਬਾਅਦ ਦੁਪਹਿਰ 1.10 ਵਜੇ ਦੀ ਹੈ। ਭਾਰਤੀ ਸੈਨਾ ਨੇ ਪਾਕਿਸਤਾਨ ਵੱਲੋਂ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਹੋਣ ਦਾ ਜ਼ਿਕਰ ਨਹੀਂ ਕੀਤਾ ਜਦਕਿ ਅਧਿਕਾਰਤ ਸੂਤਰਾਂ ਨੇ ਦੱਸਿਆ ਧਮਾਕੇ ਤੇ ਉਸ ਮਗਰੋਂ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ’ਚ ਦੁਸ਼ਮਣ ਸੈਨਾ ਦੇ ਪੰਜ ਜਵਾਨ ਜ਼ਖ਼ਮੀ ਹੋ ਗਏ ਹਨ। ਜੰਮੂ ਸਥਿਤ ਸੈਨਾ ਦੇ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਸੁਨੀਲ ਬਰਤਵਾਲ ਨੇ ਇੱਕ ਬਿਆਨ ’ਚ ਕਿਹਾ, ‘ਇੱਕ ਅਪਰੈਲ ਨੂੰ ਕ੍ਰਿਸ਼ਨਾ ਘਾਟੀ ਸੈਕਟਰ ’ਚ ਬਾਰੂਦੀ ਸੁਰੰਗ ’ਚ ਉਸ ਸਮੇਂ ਧਮਾਕਾ ਹੋਇਆ ਜਦੋਂ ਪਾਕਿਸਤਾਨ ਸੈਨਾ ਕੰਟਰੋਲ ਰੇਖਾ ’ਤੇ ਗਸ਼ਤ ਕਰ ਰਹੀ ਸੀ। ਇਸ ਮਗਰੋਂ ਪਾਕਿਸਤਾਨੀ ਸੈਨਾ ਨੇ ਬਿਨਾਂ ਭੜਕਾਹਟ ਦੇ ਗੋਲੀਬਾਰੀ ਕਰਕੇ ਜੰਗਬੰਦੀ ਦੀ ਉਲੰਘਣਾ ਕੀਤੀ।’ ਉਨ੍ਹਾਂ ਕਿਹਾ, ‘ਸਾਡੇ ਸੈਨਿਕਾਂ ਨੇ ਢੁੱਕਵੇਂ ਢੰਗ ਨਾਲ ਜਵਾਬ ਦਿੱਤਾ। ਭਾਰਤੀ ਸੈਨਾ ਕੰਟਰੋਲ ਰੇਖਾ ’ਤੇ ਮਜ਼ਬੂਤ ਹੈ ਅਤੇ ਸਥਿਤੀ ਕਾਬੂ ਹੇਠ ਹੈ।’ -ਪੀਟੀਆਈ