ਬੰਗਲੂਰੂ ਵਰਗੇ ਸ਼ਹਿਰਾਂ ’ਚ ਔਰਤਾਂ ਨਾਲ ਛੇੜਖਾਨੀ ਹੁੰਦੀ ਰਹਿੰਦੀ ਹੈ: ਪਰਮੇਸ਼ਵਰ
ਬੰਗਲੂਰੂ, 7 ਅਪਰੈਲ
ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਅੱਜ ਕਿਹਾ ਕਿ ਬੰਗਲੂਰੂ ਵਰਗੇ ਵੱਡੇ ਸ਼ਹਿਰ ਵਿੱਚ ਔਰਤਾਂ ਨਾਲ ਛੇੜਛਾੜ ਹੁੰਦੀ ਰਹਿੰਦੀ ਹੈ, ਹਾਲਾਂਕਿ ਪੁਲੀਸ ਦੀ ਚੌਕਸੀ ਕਾਰਨ ਸ਼ਹਿਰ ਵਿੱਚ ਸ਼ਾਂਤੀ ਕਾਇਮ ਹੈ। ਔਰਤ ਨਾਲ ਕਥਿਤ ਛੇੜਛਾੜ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ ਵੀ ਅਜਿਹੀ ਘਟਨਾ ਵਾਪਰਦੀ ਹੈ, ਤਾਂ ਇਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਰੋਜ਼ ਬੰਗਲੂਰੂ ਪੁਲੀਸ ਕਮਿਸ਼ਨਰ ਬੀ. ਦਯਾਨੰਦ ਨੂੰ ਗਸ਼ਤ ਤੇਜ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਉਹ 3 ਅਪਰੈਲ ਨੂੰ ਸੁਦਾਗੁੰਟੇਪਾਲਿਆ ਇਲਾਕੇ ਵਿੱਚ ਸੁੰਨਸਾਨ ਥਾਂ ’ਤੇ ਔਰਤ ਨਾਲ ਛੇੜਛਾੜ ਦੀ ਘਟਨਾ ਮਾਮਲੇ ਵਿੱਚ ਕਾਰਵਾਈ ਕਰ ਰਹੇ ਹਨ।
ਮੰਤਰੀ ਨੇ ਕਿਹਾ, ‘ਮੀਂਹ ਹੋਵੇ ਜਾਂ ਸਰਦੀ, ਪੁਲੀਸ ਹਰ ਸਥਿਤੀ ਵਿੱਚ 24 ਘੰਟੇ ਕੰਮ ਕਰ ਰਹੀ ਹੈ। ਇਸੇ ਕਰਕੇ ਬੰਗਲੂਰੂ ਵਿੱਚ ਸ਼ਾਂਤੀ ਹੈ। ਬੰਗਲੂਰੂ ਵਰਗੇ ਵੱਡੇ ਸ਼ਹਿਰ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।’ ਉਨ੍ਹਾਂ ਕਿਹਾ, ‘ਮੈਂ ਉਨ੍ਹਾਂ (ਪੁਲੀਸ ਕਮਿਸ਼ਨਰ) ਨੂੰ ਹਰ ਖੇਤਰ ਵਿੱਚ ਸਹੀ ਢੰਗ ਨਾਲ ਗਸ਼ਤ ਕਰਨ ਦੀ ਹਦਾਇਤ ਦਿੰਦਾ ਹਾਂ। ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹਾਂ। ਬੀਟ ਸਿਸਟਮ ਪ੍ਰਭਾਵਸ਼ਾਲੀ ਬਣਾਇਆ ਜਾਣਾ ਚਾਹੀਦਾ ਹੈ। ਇਸੇ ਲਈ ਮੈਂ ਇਸ ਸਬੰਧੀ ਪੁਲੀਸ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹਨ।’ ਪੁਲੀਸ ਅਨੁਸਾਰ 3 ਅਪਰੈਲ ਦੀ ਸਵੇਰ ਨੂੰ ਜਦੋਂ ਦੋ ਔਰਤਾਂ ਭਾਰਤੀ ਲੇਆਊਟ ਵਿੱਚ ਸੈਰ ਕਰ ਰਹੀਆਂ ਸਨ ਤਾਂ ਇੱਕ ਆਦਮੀ ਨੇ ਉਨ੍ਹਾਂ ’ਚੋਂ ਇੱਕ ਨਾਲ ਛੇੜਛਾੜ ਕੀਤੀ। ਇਸ ਤੋਂ ਬਾਅਦ ਉਹ ਉੱਥੋਂ ਭੱਜ ਗਿਆ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ
ਭਾਜਪਾ ਨੇ ਪਰਮੇਸ਼ਵਰ ਦਾ ਅਸਤੀਫਾ ਮੰਗਿਆ
ਨਵੀਂ ਦਿੱਲੀ: ਭਾਜਪਾ ਨੇ ਅੱਜ ਛੇੜਛਾੜ ਸਬੰਧੀ ਵਿਵਾਦਤ ਟਿੱਪਣੀਆਂ ਲਈ ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਦਾ ਅਸਤੀਫਾ ਮੰਗਿਆ ਹੈ। ਭਾਜਪਾ ਦੇ ਕੌਮੀ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਪਰਮੇਸ਼ਵਰ ਦਾ ਅਸਤੀਫਾ ਲੈਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਰਮੇਸ਼ਵਰ ਨੇ 2017 ਵਿੱਚ ਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਅਜਿਹੀਆਂ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਨੇ ਘਟਨਾ ਨੂੰ ਛੋਟਾ ਬਣਾ ਕੇ ‘ਹੈਰਾਨ ਕਰਨ ਵਾਲਾ, ਔਰਤ ਵਿਰੋਧੀ ਅਤੇ ਘਿਨਾਉਣੀ ਮਾਨਸਿਕਤਾ’ ਦਾ ਸਬੂਤ ਦਿੱਤਾ ਹੈ। ਪੂਨਾਵਾਲਾ ਨੇ ਕਿਹਾ ਕਿ ਸ਼ਹਿਰ ਦੀ ਪੁਲੀਸ ਮੁਲਜ਼ਮਾਂ ਨੂੰ ਫੜਨ ਵਿੱਚ ਅਸਮਰੱਥ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸ਼ਾਸਿਤ ਸੂਬੇ ’ਚ ਔਰਤਾਂ ਵਿਰੁੱਧ ਅਪਰਾਧਾਂ ’ਚ 50 ਫ਼ੀਸਦ ਵਾਧਾ ਹੋਇਆ ਹੈ। -ਪੀਟੀਆਈ