ਸੰਭਾਵੀ ਜੰਗਬੰਦੀ ਲਈ ਅਮਰੀਕਾ ਵੱਲੋਂ ਯੂਕਰੇਨ ਮਗਰੋਂ ਰੂਸ ਨਾਲ ਗੱਲਬਾਤ
(ਅਮਰੀਕੀ) ਵ੍ਹਾਈਟ ਹਾਊਸ ਨੇ ਕਿਹਾ ਕਿ ਇਸ ਵਿੱਚ ‘ਊਰਜਾ ਬੁਨਿਆਦੀ ਢਾਂਚਾ’ ਵੀ ਸ਼ਾਮਲ ਕੀਤਾ ਜਾਵੇਗਾ। ਕ੍ਰੈਮਲਿਨ (ਰੂਸੀ ਪੱਖ) ਨੇ ਐਲਾਨ ਕੀਤਾ ਕਿ ਸਮਝੌਤੇ ਵਿੱਚ ‘ਊਰਜਾ ਬੁਨਿਆਦੀ ਢਾਂਚੇ’ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਰੇਲਵੇ ਅਤੇ ਬੰਦਰਗਾਹਾਂ ਦੀ ਸੁਰੱਖਿਆ ਕੀਤੀ ਜਾਵੇ।
ਰੂਸ ਦੀਆਂ ਸਰਕਾਰੀ ਖ਼ਬਰ ਏਜੰਸੀਆਂ ‘ਤਾਸ’ ਅਤੇ ‘ਆਰਆਈਏ-ਨੋਵੋਸਤੀ’ ਨੇ ਦੱਸਿਆ ਕਿ ਅਮਰੀਕਾ ਅਤੇ ਰੂਸ ਦੇ ਨੁਮਾਇੰਦਿਆਂ ਨੇ ਸਵੇਰੇ ਸਾਊਦੀ ਅਰਬ ਦੀ ਰਾਜਧਾਨੀ ਵਿੱਚ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਅਮਰੀਕਾ ਅਤੇ ਯੂਕਰੇਨ ਦੀਆਂ ਟੀਮਾਂ ਨੇ ਐਤਵਾਰ ਨੂੰ ਰਿਆਧ ਵਿੱਚ ਗੱਲਬਾਤ ਕੀਤੀ ਸੀ। ਯੂਕਰੇਨੀ ਰਾਸ਼ਟਰਪਤੀ ਦੇ ਸਲਾਹਕਾਰ ਸੇਰਹੀ ਲੇਸ਼ਚੈਂਕੋ ਨੇ ਕਿਹਾ ਕਿ ਵਫ਼ਦ ਰਿਆਧ ਵਿੱਚ ਹੀ ਰਹੇਗਾ ਅਤੇ ਅਮਰੀਕੀਆਂ ਨਾਲ ਮੁੜ ਗੱਲਬਾਤ ਦੀ ਉਮੀਦ ਹੈ।
ਇਸੇ ਦੌਰਾਨ ਰੂਸ ਤੇ ਯੂਕਰੇਨ ਦੋਵਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਹਮਲੇ ਜਾਰੀ ਰੱਖੇ ਹੋਏ ਹਨ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਰੂਸੀ ਫੌਜ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ 30 ਦਿਨਾਂ ਵਾਸਤੇ ਊਰਜਾ ਢਾਂਚੇ ’ਤੇ ਹਮਲੇ ਰੋਕਣ ਦੇ ਆਦੇਸ਼ ਦੀ ਪਾਲਣਾ ਕਰ ਰਹੀ ਹੈ। -ਏਪੀ