ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Canada News: ਕੈਨੇਡਾ ’ਚ ਮਾਰਕ ਕਾਰਨੇ ਦੀ ਕਮਾਂਡ ਹੇਠ ਲਿਬਰਲ ਪਾਰਟੀ ਦਾ ਹੋਇਆ ਉਭਾਰ

02:25 PM Mar 19, 2025 IST
featuredImage featuredImage

ਤਾਜ਼ਾ ਸਰਵੇਖਣਾਂ ’ਚ ਲਿਬਰਲਾਂ ਨੇ ਟੋਰੀਆਂ ਨੂੰ ਪਛਾੜਿਆ; ਜਗਮੀਤ ਸਿੰਘ ਦੀ ਪਾਰਟੀ ਐਨਡੀਪੀ ਨੂੰ ਵੀ ਲੱਗਿਆ ਖ਼ੋਰਾ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 19 ਮਾਰਚ
Canada News: ਸਫਲ ਬੈਂਕਰ ਸਾਬਤ ਹੋ ਚੁੱਕੇ ਹੋਏ ਮਾਰਕ ਕਾਰਨੇ (Canadian Prime Minister Mark Carney) ਵਲੋਂ ਕੈਨੇਡਾ ਦੀ ਲਿਬਰਲ ਪਾਰਟੀ ਦੀ ਕਮਾਂਡ ਸੰਭਾਲਣ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਲੋਕਾਂ ਦੀ ਪਸੰਦ ਪੱਖੋਂ ਨਿਘਾਰ ਵੱਲ ਜਾ ਰਹੀ ਹਾਕਮ ਪਾਰਟੀ ਦਾ ਉਭਾਰ ਹੋਣ ਲੱਗਾ ਹੈ। ਬੀਤੀ 9 ਮਾਰਚ ਨੂੰ ਹੂੰਝਾ ਫੇਰ ਬਹੁਮਤ ਨਾਲ ਪਾਰਟੀ ਲੀਡਰ ਬਣੇ ਮਾਰਕ ਕਾਰਨੇ ਵਲੋਂ 14 ਮਾਰਚ ਨੂੰ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਦੇ ਚਾਰ ਦਿਨ ਬਾਅਦ ਇੱਕ ਭਰੋਸੇਯੋਗ ਸਰਵੇਖਣ ਏਜੰਸੀ ਦੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਜੇ ਹੁਣੇ ਸੰਸਦੀ ਚੋਣਾਂ ਹੋ ਜਾਣ ਤਾਂ ਲਿਬਰਲ ਪਾਰਟੀ 338 ਮੈਂਬਰੀ ਹਾਊਸ ਵਿੱਚ ਬਹੁਮਤ ਹਾਸਲ ਕਰ ਸਕਦੀ ਹੈ।
ਤਿੰਨ ਮਹੀਨੇ ਪਹਿਲਾਂ (ਦਸੰਬਰ ‘ਚ) ਕਰਵਾਏ ਸਰਵੇਖਣਾਂ ‘ਚ ਵਿਰੋਧੀ ਕੰਜ਼ਰਵੇਟਿਵ ਪਾਰਟੀ (ਟੋਰੀ) ਲਿਬਰਲਾਂ ਤੋਂ ਕਾਫੀ ਅੱਗੇ ਸੀ। ਉਦੋਂ ਲਿਬਰਲ ਪਾਰਟੀ 28 ਦੇ ਅੰਕੜੇ ’ਤੇ ਸੀ, ਜਦ ਕਿ ਕੰਜ਼ਰੇਟਿਵ ਪਾਰਟੀ 43 ਤੱਕ ਪਹੁੰਚ ਗਏ ਸਨ। ਪਰ ਮਾਰਕ ਕਾਰਨੇ ਦੀ ਤਾਜਪੋਸ਼ੀ ਤੋਂ ਬਾਅਦ ਹੋਏ ਸਰਵੇਖਣਾਂ ਨੇ ਸਥਿਤੀ ਵਿੱਚ ਵੱਡਾ ਉਲਟ ਫੇਰ ਕੀਤਾ ਹੈ।
ਇਪਸੌਸ (Ipsos) ਏਜੰਸੀ ਦੇ ਤਾਜ਼ਾ ਸਰਵੇਖਣ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇ ਹੁਣੇ ਕੈਨੇਡੀਅਨ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕੌਮਨਜ਼ (House of Commons of Canada) ਦੀਆਂ ਚੋਣਾਂ ਹੁੰਦੀਆਂ ਹਨ ਤਾਂ ਵੋਟਾਂ ਲਈ ਮਨ ਬਣਾ ਚੁੱਕੇ 42 ਫੀਸਦ ਵੋਟਰਾਂ ਦੀ ਪਸੰਦ ਲਿਬਰਲ ਪਾਰਟੀ ਹੋਵੇਗੀ, ਜਦ ਕਿ ਟੋਰੀਆਂ ਦਾ ਸਮਰਥਨ ਘਟ ਕੇ 36 ਫੀਸਦ ਰਹਿ ਗਿਆ ਹੈ।
ਸਰਵੇਖਣ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੈਰਲ ਬੈਕਰ ਨੇ ਮੰਗਲਵਾਰ ਨੂੰ ਤਾਜ਼ਾ ਸਰਵੇਖਣ ਦੀ ਰਿਪੋਰਟ ਜਾਰੀ ਕਰਦਿਆਂ ਦੱਸਿਆ ਕਿ ਸਰਵੇਖਣ ’ਚ ਸਾਢੇ ਤਿੰਨ ਫੀਸਦ ਦੀ ਵਾਧ-ਘਾਟ ਦੀ ਗੁੰਜਾਇਸ਼ ਹੈ, ਜਦ ਕਿ ਦੋਹਾਂ ਵੱਡੀਆਂ ਪਾਰਟੀਆਂ ਦਾ ਪਸੰਦੀਦਾ ਫਰਕ 7 ਫੀਸਦ ਹੋ ਗਿਆ ਹੈ। ਤਾਜ਼ਾ ਹਾਲਾਤ ਨੇ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ ਨੂੰ ਖੋਰਾ ਲਾ ਕੇ 10 ਫੀਸਦ ’ਤੇ ਲੈ ਆਂਦਾ ਹੈ, ਜਦ ਕਿ ਬਲਾਕ ਕਿਊਬਕ 6 ਫੀਸਦ ‘ਤੇ ਟਿਕੀ ਹੋਈ ਹੈ। ਗਰੀਨ ਪਾਰਟੀ ਨੂੰ ਵੀ ਖੋਰਾ ਲੱਗਾ ਹੈ ਤੇ ਇਹ 4 ਤੋਂ 2 ਫੀਸਦ ‘ਤੇ ਪਹੁੰਚ ਗਈ ਹੈ।
ਬੇਸ਼ੱਕ ਅਗਲੀਆਂ ਸੰਸਦੀ ਚੋਣਾਂ 20 ਅਕਤੂਬਰ ਨੂੰ ਹੋਣੀਆਂ ਹਨ, ਪਰ ਘੱਟਗਿਣਤੀ ਲਿਬਰਲ ਸਰਕਾਰ ਦੀ ਕਮਾਂਡ ਸੰਭਾਲਣ ਅਤੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਮਾਰਕ ਕਾਰਨੇ ਨੇ ਸੰਕੇਤ ਦਿੱਤਾ ਸੀ ਕਿ ਉਹ 24 ਮਾਰਚ ਨੂੰ ਸੰਸਦ ਦਾ ਬਸੰਤ ਰੁੱਤ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਭੰਗ ਕਰ ਕੇ ਦੇਸ਼ ਦੀ ਗਵਰਨਰ ਜਨਰਲ ਤੋਂ ਚੋਣਾਂ ਦਾ ਐਲਾਨ ਕਰਵਾ ਸਕਦੇ ਹਨ ਤਾਂ ਕਿ ਉਹ ਬਹੁਮਤ ਹਾਸਲ ਕਰ ਕੇ ਅਮਰਕੀਨ ਰਾਸ਼ਟਰਪਤੀ ਦੇ ਨਿੱਤ ਨਵੇਂ ਟੈਰਿਫ ਐਲਾਨਾਂ ਨਾਲ ਸਿੱਝਣ ਦੇ ਸਮਰੱਥ ਹੋ ਸਕਣ।
ਉਨ੍ਹਾਂ ਵਲੋਂ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਟੈਰਿਫ ਦੇ ਸੰਭਾਵੀ ਖੋਰੇ ਤੋਂ ਹਰ ਹਾਲਤ ਵਿਚ ਬਚਾ ਲੈਣਗੇ। ਉਂਝ ਸਰਵੇਖਣ ਤੇ ਅਸਲੀਅਤ ਵਿਚਲੇ ਫਰਕ ਦਾ ਪਤਾ ਚੋਣਾਂ ਦੇ ਨਤੀਜੇ ਤੋਂ ਬਾਅਦ ਹੀ ਸਾਹਮਣੇ ਆਏਗਾ।

Advertisement

Advertisement