Punjab News: ਪੰਥਕ ਕਵੀ ਚੱਕਰਵਰਤੀ ਦੇ ਪੋਤਰੇ ਦੀ ਜਰਮਨੀ ਵਿਚ ਹਾਦਸੇ ’ਚ ਮੌਤ
ਗਲੀ ਵਿੱਚ ਖੇਡਦਿਆ ਵਾਹਨ ਦੀ ਲਪੇਟ ’ਚ ਆਉਣ ਨਾਲ ਮੌਕੇ ’ਤੇ ਹੀ ਗਈ ਬੱਚੇ ਦੀ ਜਾਨ
ਭਗਵਾਨ ਦਾਸ ਸੰਦਲ
ਦਸੂਹਾ, 21 ਮਾਰਚ
Punjab News: ਇਥੋਂ ਦੀ ਬਾਜਵਾ ਕਲੋਨੀ ਦੇ ਵਸਨੀਕ ਤੇ ਕੌਮੀ ਪੰਥਕ ਕਵੀ ਚੈਨ ਸਿੰਘ ਚੱਕਰਵਰਤੀ ਦੇ ਅੱਠ ਸਾਲਾ ਪੋਤਰੇ ਨਵਬੀਰ ਸਿੰਘ ਉਰਫ ਗੈਵੀ ਪੁੱਤਰ ਨਰਿੰਦਰ ਸਿੰਘ ਲਾਡੀ ਦੀ ਜਰਮਨੀ ਵਿਚ ਸੜਕ ਹਾਦਸੇ ’ਚ ਦਰਦਰਨਾਕ ਮੌਤ ਹੋ ਗਈ। ਇਹ ਦੁਖਦਾਈ ਸਮਾਚਾਰ ਮਿਲਣ ਮਗਰੋਂ ਜਿਥੇ ਪਰਿਵਾਰ ਸਦਮੇ ਵਿੱਚ ਹੈ ਉਥੇ ਹੀ ਇਲਾਕੇ ’ਚ ਵੀ ਸੋਗ ਦੀ ਲਹਿਰ ਫੈਲ ਗਈ।
ਚੈਨ ਸਿੰਘ ਚੱਕਰਵਰਤੀ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੀ ਨੂੰਹ ਨਿਸ਼ਾ ਤੇ ਪੋਤਰਾ ਨਵਬੀਰ ਸਿੰਘ ਚਾਰ ਸਾਲ ਪਹਿਲਾਂ ਹੀ ਜਰਮਨੀ ਰਹਿੰਦੇ ਉਸ ਦੇ ਪੁੱਤਰ ਨਰਿੰਦਰ ਸਿੰਘ ਲਾਡੀ ਕੋਲ ਚਲੇ ਗਏ ਸਨ। ਇਹ ਜਾਨਲੇਵਾ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਨਵਬੀਰ ਸਿੰਘ ਗਲੀ ’ਚ ਖੇਡ ਰਿਹਾ ਸੀ। ਇਸ ਦੌਰਾਨ ਇਕ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਲਕਾ ਵਿਧਾਇਕ ਕਰਮਬੀਰ ਘੁੰਮਣ, ਨਗਰ ਕੌਂਸਲ ਦੇ ਪ੍ਰਧਾਨ ਸੁੱਚਾ ਸਿੰਘ ਲੂਫਾ, ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ, ਭਾਜਪਾ ਆਗੂ ਜਸਵੰਤ ਸਿੰਘ ਪੱਪੂ, ਕਵੀ ਸੁਖਜੀਵਨ ਸਿੰਘ ਸਫਰੀ ਸਣੇ ਪੰਥਕ ਤੇ ਸਾਹਿਤਕ ਸ਼ਖਸੀਅਤਾਂ ਨੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਹੈ।