ਧੀ ਨੂੰ ਮੋਬਾਈਲ ਫੋਨ ’ਤੇ ਗ਼ਲਤ ਮੈਸੇਜ ਭੇਜਣ ਦਾ ਉਲਾਂਭਾ ਦੇਣ ਗਏ ਪਿਤਾ ਦਾ ਗੋਲੀ ਮਾਰ ਕੇ ਕਤਲ, ਚਾਚਾ ਜ਼ਖ਼ਮੀ ਮੁਲਜ਼ਮ ਫਰਾਰ, ਪੁਲੀਸ ਵੱਲੋਂ ਕੇਸ ਦਰਜ
ਦੋਦਾ , 23 ਮਾਰਚ
ਇਥੋਂ ਨੇੜਲੇ ਪਿੰਡ ਭੁੱਲਰ ਵਿਚ ਸ਼ਨਿੱਚਰਵਾਰ ਸ਼ਾਮੀਂ ਲੜਕੀ ਨੂੰ ਗ਼ਲਤ ਸੁਨੇੇਹੇ ਭੇੇਜਣ ਨੂੰ ਲੈ ਕੇ ਹੋਈ ਤਲਖ਼ ਤਕਰਾਰ ਦੌਰਾਨ ਚੱਲੀ ਗੋਲੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਦੂਜਾ ਗੰਭੀਰ ਜ਼ਖ਼ਮੀ ਦੱਸਿਆ ਜਾਂਦਾ ਹੈ। ਗੋਲੀ ਚਲਾਉਣ ਵਾਲਾ ਮੁਲਜ਼ਮ ਫਰਾਰ ਹੈ ਤੇ ਪੁਲੀਸ ਨੇ ਉਸ ਖਿਲਾਫ਼ ਕੇਸ ਕਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਲਵਰ ਸਿੰਘ ਆਪਣੇ ਗੁਆਂਢ ’ਚ ਰਹਿੰਦੀ ਲੜਕੀ ਨੂੰ ਮੋਬਾਈਲ ਫੋਨ ਰਾਹੀਂ ਗ਼ਲਤ ਮੈਸੇਜ ਭੇਜਦਾ ਸੀ। ਲੜਕੀ ਦਾ ਪਿਤਾ ਤੇ ਚਾਚਾ ਉਸ ਦੇ ਘਰ ਉਲਾਂਭਾ ਦੇਣ ਗਏ ਤਾਂ ਉਸ ਨੇ ਦੋਵਾਂ ’ਤੇ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਨਾਲ ਲੜਕੀ ਦੇ ਪਿਤਾ ਬੂਟਾ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ ਚਾਚਾ ਮਨਦੀਪ ਸਿੰਘ ਮਨੂੰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਮੁਕਤਸਰ ਭਰਤੀ ਕਰਵਾਇਆ ਗਿਆ, ਜਿਥੋਂ ਉਸ ਦੀ ਗੰਭੀਰ ਹਾਲਤ ਦੇਖਦਿਆਂ ਮੈਡੀਕਲ ਹਸਪਤਾਲ ਫਰੀਦਕੋਟ ਰੈਫਰ ਕੀਤਾ ਗਿਆ ਹੈ। ਮੁਲਜ਼ਮ ਫ਼ਿਲਹਾਲ ਫਰਾਰ ਹੈ।
ਪੁਲੀਸ ਨੇ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੁਕਤਸਰ ਭੇਜ ਦਿੱਤੀ ਹੈ। ਪੀੜਤ ਦੇ ਪਰਿਵਾਰ ਵਿਚ ਪਤਨੀ, ਪੰਜ ਧੀਆਂ ਤੇ ਇਕ ਪੁੱਤਰ ਹੈ।