Punjab News: ਨੋਟਿਸ ਵਣ ਵਿਭਾਗ ਨੇ ਕੱਢਿਆ, ਕਾਰਵਾਈ ਹੋਟਲ ਮਾਲਕ ਕਰ ਗਿਆ?
ਹੋਟਲ ਮਾਲਕ ਨੇ ਪਰਵਾਸੀ ਮਜ਼ਦੂਰਾਂ ਦੀਆਂ 5 ਝੁੱਗੀਆਂ ਢਾਹੀਆਂ, ਬੱਚੇ ਸੜਕਾਂ ’ਤੇ ਰੁਲਣ ਲਈ ਮਜਬੂਰ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 26 ਮਾਰਚ
Punjab News: ਕੋਟਕਪੂਰਾ ਦੀ ਬਠਿੰਡਾ ਰੋਡ ’ਤੇ ਕੁਝ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਕਥਿਤ ਤੌਰ ’ਤੇ ਇੱਕ ਲਾਗਲੇ ਹੋਟਲ ਮਾਲਕ ਵੱਲੋਂ ਢਾਹ ਦਿੱਤੇ ਜਾਣ ਕਾਰਨ ਇਨ੍ਹਾਂ ਝੁੱਗੀਆਂ ਵਿੱਚ ਰਹਿੰਦੇ ਪਰਿਵਾਰ ਅਤੇ ਬੱਚੇ ਸੜਕ ’ਤੇ ਆ ਗਏ ਹਨ। ਇਨ੍ਹਾਂ ਪਰਿਵਾਰਾਂ ਦਾ ਇਲਾਜ਼ਾਮ ਹੈ ਕਿ ਉਨ੍ਹਾਂ ਦੀਆਂ ਝੁੱਗੀਆਂ ਤਾਂ ਢਾਹੀਆਂ ਹੀ ਗਈਆਂ, ਉਨ੍ਹਾਂ ਦਾ ਘਰੇਲੂ ਸਮਾਨ ਵੀ ਗਾਇਬ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਕੋਟਕਪੂਰਾ ਤੋਂ ਬਠਿੰਡਾ ਜਾਣ ਵਾਲੀ ਸੜਕ ਦੇ ਇੱਕ ਪਾਸੇ ਦਾਣਾ ਮੰਡੀ ਦੀ ਕੰਧ ਦੇ ਨਾਲ ਨਾਲ 60 ਤੋਂ ਵੱਧ ਝੁੱਗੀਆਂ ਬਣਾ ਕੇ ਪਰਵਾਸੀ ਮਜ਼ਦੂਰ ਕਈ ਸਾਲਾਂ ਤੋਂ ਰਹਿ ਰਹੇ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਇਨ੍ਹਾਂ ਨੂੰ ਇਥੋਂ ਹਟਾਉਣ ਲਈ ਸਰਕਾਰ ਨੇ ਨਗਰ ਕੌਂਸਲ, ਪੁਲੀਸ, ਜ਼ਿਲ੍ਹਾ ਪ੍ਰਸਾਸ਼ਨ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਸਾਂਝੀ ਕਮੇਟੀ ਬਣਾਈ ਹੋਈ ਹੈ ਅਤੇ ਇਹ ਜਗ੍ਹਾ ਵਣ ਵਿਭਾਗ ਨੂੰ ਬੂਟੇ ਲਗਾਉਣ ਲਈ ਦਿੱਤੀ ਹੋਈ ਹੈ।
ਕਾਫੀ ਜਗ੍ਹਾ ’ਤੇ ਵਿਭਾਗ ਨੇ ਬੂਟੇ ਲਗਾਏ ਵੀ ਹਨ ਅਤੇ ਇਥੇ ਹੋਰ ਬੂਟੇ ਲਗਾਉਣ ਲਈ ਵਣ ਬਲਾਕ ਅਫਸਰ ਨੇ 19 ਮਾਰਚ ਨੂੰ ਇੱਕ ਨੋਟਿਸ ਜਾਰੀ ਕਰ ਕੇ ਇਨ੍ਹਾਂ ਮਜ਼ਦੂਰਾਂ ਨੂੰ ਕਬਜਾ ਇੱਕ ਹਫਤੇ ਦੇ ਅੰਦਰ ਖਾਲੀ ਕਰਨ ਲਈ ਹਦਾਇਤ ਕੀਤੀ ਹੈ। ਹੁਣ ਇਨ੍ਹਾਂ 60 ਝੁੱਗੀਆਂ ਵਿਚੋਂ ਉਨ੍ਹਾਂ 5 ਝੁੱਗੀਆਂ ਨੂੰ ਢਾਹ ਦਿੱਤਾ ਗਿਆ ਹੈ, ਜਿਹੜੀਆਂ ਇਸ ਹੋਟਲ ਦੇ ਸਾਹਮਣੇ ਸਨ।

ਜਿਨ੍ਹਾਂ ਦੀਆਂ ਝੁੱਗੀਆਂ ਢਾਹੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਰਣਜੀਤ ਮਾਂਝੀ ਨੇ ਦੱਸਿਆ ਕਿ ਉਹ ਮੰਡੀ ਵਿੱਚ ਮਜ਼ਦੂਰੀ ਕਰਦਾ ਹੈ ਕਿ ਇਥੇ ਕਈ ਸਾਲਾਂ ਤੋਂ 50 ਤੋਂ ਵੱਧ ਹੋਰ ਪਰਿਵਾਰਾਂ ਸਮੇਤ ਰਹਿ ਰਿਹਾ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਲੰਘੀ ਰਾਤ ਹੋਟਲ ਵਾਲਿਆਂ ਨੇ ਉਨ੍ਹਾਂ ਦੀਆਂ ਝੁੱਗੀਆਂ ਢਾਹ ਦਿੱਤੀਆਂ ਅਤੇ ਵਿਚਲਾ ਸਾਮਾਨ ਵੀ ਕਥਿਤ ਤੌਰ ’ਤੇ ਗਾਇਬ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਸਿਰਫ ਚੁਣ ਕੇ ਹੋਟਲ ਦੇ ਸਾਹਮਣੇ ਵਾਲੀਆਂ 5 ਝੁੱਗੀਆਂ ਹੀ ਢਾਹੀਆਂ ਗਈਆਂ ਅਤੇ ਬਾਕੀ 55 ਦੇ ਕਰੀਬ ਸੱਜੇ-ਖੱਬੇ ਵਾਲੀਆਂ ਝੁੱਗੀਆਂ ਰਹਿਣ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਉਸ ਦੇ ਬੱਚੇ ਸੜਕ ’ਤੇ ਆ ਗਏ ਹਨ ਅਤੇ ਘਰ ਦਾ ਰਹਿੰਦਾ-ਖੂੰਹਦਾ ਸਾਮਾਨ ਵੀ ਖੁੱਲ੍ਹੇ ਆਸਾਮਾਨ ਹੇਠ ਪਿਆ ਹੈ।
ਹਾਲੇ ਵਣ ਵਿਭਾਗ ਨੇ ਝੁੱਗੀਆਂ ਢਾਹੁਣ ਦੀ ਕਾਰਵਾਈ ਨਹੀਂ ਕੀਤੀ: ਬਲਾਕ ਅਫਸਰ
ਇਸ ਸਬੰਧੀ ਵਣ ਵਿਭਾਗ ਦੇ ਬਲਾਕ ਅਫਸਰ ਸਰਬਜੀਤ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਥੇ ਝੁੱਗੀਆਂ ਬਣਾ ਕੇ ਰਹਿ ਰਹੇ 60 ਦੇ ਕਰੀਬ ਲੋਕਾਂ ਨੂੰ ਅਦਾਲਤਾਂ ਦੇ ਹੁਕਮ ਦੇ ਮੱਦੇਨਜ਼ਰ ਨੋਟਿਸ ਭੇਜਿਆ ਗਿਆ ਸੀ, ਪਰ ਹਾਲੇ ਝੁੱਗੀਆਂ ਢਾਹੁਣ ਬਾਰੇ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਝੁੱਗੀਆਂ ਕਿਸ ਨੇ ਢਾਹੀਆਂ, ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।