Farmers Protest: ਕਿਸਾਨੀ ਮਸਲੇ ਹੱਲ ਕਰਵਾਉਣ ਲਈ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਭਲਕੇ
ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਮਾਰਚ
ਸ਼ੰਭੂ ਅਤੇ ਢਾਬੀ ਗੁਜਰਾਂ ਬਾਰਡਰ ’ਤੇ 13 ਮਹੀਨਿਆਂ ਤੱਕ ਕਿਸਾਨ ਅੰਦੋਲਨ 2 ਦੇ ਬੈਨਰ ਹੇਠ ਸੰਘਰਸ਼ ਕਰਨ ਵਾਲੀਆਂ ਫੋਰਮਾਂ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ (ਗੈਰ ਸਿਆਸੀ) ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ 31 ਮਾਰਚ ਨੂੰ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਮੂਹਰੇ ਧਰਨੇ ਦਿੱਤੇ ਜਾਣਗੇ। ਇਸ ਦੌਰਾਨ ਫ਼ਸਲਾਂ ’ਤੇ ਐਮਐਸਪੀ ਗਾਰੰਟੀ ਕਾਨੂੰਨ ਸਮੇਤ 12 ਮੰਗਾਂ ਜਲਦ ਹੱਲ ਕਰਨ ਦੀ ਮੰਗ ਕੀਤੀ ਜਾਵੇਗੀ।
ਇਹ ਮੰਗ ਵੀ ਕੀਤੀ ਜਾਵੇਗੀ ਕਿ 19 ਮਾਰਚ ਨੂੰ ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰ ’ਤੇ ਪੁਲੀਸ ਬਲ ਦੀ ਵਰਤੋਂ ਕਰਕੇ ਮੋਰਚੇ ਉਖਾੜਨ ਦੀ ਕਾਰਵਾਈ ਕਰਨ ਕਾਰਨ ਹੋਏ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਵਲੋਂ ਕੀਤੀ ਜਾਵੇ। ਚੋਰੀ ਹੋਇਆ ਸਮਾਨ ਜਿਵੇਂ ਕਿ ਟਰੈਕਟਰ-ਟਰਾਲੀਆਂ, ਏ ਸੀ, ਫਰਿਜ, ਪੱਖੇ, ਟੈਂਟ, ਸਟੇਜ , ਸਪੀਕਰ, ਰਾਸ਼ਨ, ਮੋਟਰ ਸਾਈਕਲ, ਪਾਣੀ ਵਾਲੀਆਂ ਮੋਟਰਾਂ, ਕੂਲਰ, ਪਾਣੀ ਵਾਲੀਆਂ ਟੈਂਕੀਆਂ, ਕੰਪਿਊਟਰ, ਅਲਮਾਰੀਆਂ, ਮੰਜੇ, ਸੋਲਰ ਪੈਨਲ, ਕੁਰਸੀਆਂ ਮੇਜ਼, ਨਕਦੀ, ਗੱਦੇ ਦਰੀਆਂ, ਮੈਟ, ਬਰਤਨ, ਮੋਬਾਈਲ, ਕੱਪੜੇ, ਕੰਬਲ, ਗੈਸ ਸਿਲੰਡਰ ਤੇ ਚੁੱਲ੍ਹੇ ਭੱਠੀਆਂ ਆਦਿ ਦੀ ਵੀ ਸਰਕਾਰ ਭਰਪਾਈ ਕਰੇ ਅਤੇ ਇਹ ਸਮਾਨ ਗਾਇਬ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਪੁਲੀਸ ਵੱਲੋਂ ਮੋਰਚਿਆਂ ’ਤੇ ਕੀਤੇ ਤਸ਼ੱਦਦ ਵਿੱਚ ਕਿਸਾਨਾਂ ਮਜਦੂਰਾਂ ਦੀ ਕੁੱਟਮਾਰ ਅਤੇ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ਦੀ 20 ਮਾਰਚ ਨੂੰ ਸ਼ੰਭੂ ਮੋਰਚੇ ’ਤੇ ਕੁੱਟਮਾਰ ਕਰਨ ਵਾਲੇ ਥਾਣਾ ਸ਼ੰਭੂ ਦੇ ਐਸ ਐਚ ਓ ਹਰਪ੍ਰੀਤ ਸਿੰਘ ਨੂੰ ਬਰਖਾਸਤ ਕੀਤਾ ਜਾਵੇ।