ਨਾਬਾਲਗ ਜਿਨਸੀ ਸ਼ੋਸ਼ਣ ਮਾਮਲੇ ’ਚ ਮਹਿਲਾ ਕਮਿਸ਼ਨ ਸਖ਼ਤ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 1 ਅਪਰੈਲ
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਪਟਿਆਲਾ ਵਿੱਚ 12 ਸਾਲਾ ਲੜਕੀ ਦੇ ਜਿਨਸੀ ਸ਼ੋਸ਼ਣ ਦੀ ਘਟਨਾ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪੀੜਤ ਅਤੇ ਉਸ ਦੇ ਪਰਿਵਾਰ ਨਾਲ ਖੜ੍ਹੇ ਹਨ।
ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਮੁਤਾਬਕ ਆਟੋ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਇੱਥੇ ਅੱਜ ਮਹਿਲਾ ਕਮਿਸ਼ਨ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਤੁਰੰਤ ਤੇ ਮੁਕੰਮਲ ਜਾਂਚ ਯਕੀਨੀ ਬਣਾਉਣ ਦੀ ਅਪੀਲ ਕੀਤੀ। ਕਮਿਸ਼ਨ ਦੀ ਮੁਖੀ ਰਾਜ ਲਾਲੀ ਗਿੱਲ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਸਬੰਧਤ ਅਧਿਕਾਰੀਆਂ ਤੋਂ ਵਿਸਥਾਰਤ ਰਿਪੋਰਟ ਤਲਬ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਘਿਨੌਣਾ ਅਪਰਾਧ ਹੈ। ਉਨ੍ਹਾਂ ਕਿਹਾ ਕਿ ਨਿਆਂ ਨੂੰ ਯਕੀਨੀ ਬਣਾਉਣ ਲਈ ਕਮਿਸ਼ਨ ਵੱਲੋਂ ਇਸ ਕੇਸ ਦੀ ਕਾਰਵਾਈ ’ਤੇ ਨੇੜਿਓਂ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਕਮਿਸ਼ਨ ਅਧਿਕਾਰੀਆਂ ਨਾਲ ਤਾਲਮੇਲ ਕਰ ਰਿਹਾ ਹੈ ਤਾਂ ਜੋ ਪੀੜਤ ਨੂੰ ਲੋੜੀਂਦੀ ਡਾਕਟਰੀ ਸਹਾਇਤਾ, ਮਨੋਵਿਗਿਆਨਕ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਕਮਿਸ਼ਨ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਦੁਰਵਿਵਹਾਰ ਜਾਂ ਸ਼ੋਸ਼ਣ ਦੇ ਕਿਸੇ ਵੀ ਮਾਮਲੇ ਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦੇਣ ਦੀ ਅਪੀਲ ਕੀਤੀ। ਕਮਿਸ਼ਨ ਨੇ ਇਹ ਵੀ ਸਿਫ਼ਾਰਿਸ਼ ਕੀਤੀ ਕਿ ਵਿਦਿਆਰਥੀਆਂ ਦੀ ਆਵਾਜਾਈ ਲਈ ਵਰਤੇ ਜਾਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਕੀਤੀ ਜਾਵੇ। ਇਸ ਤੋਂ ਇਲਾਵਾ ਇਨ੍ਹਾਂ ਵਾਹਨਾਂ ਦੇ ਡਰਾਈਵਰਾਂ ਦੀ ਪੁਲੀਸ ਵੈਰੀਫਿਕੇਸ਼ਨ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਜਿਹੇ ਵਾਹਨ ’ਚ ਐਮਰਜੈਂਸੀ ਕਿੱਟਾਂ, ਜੀਪੀਐੱਸ ਟ੍ਰੈਕਿੰਗ ਸਿਸਟਮ ਤੇ ਸਪੀਡ ਮਾਨੀਟਰ ਆਦਿ ਨਾਲ ਲੈਸ ਹੋਣੇ ਜ਼ਰੂਰੀ ਹਨ।
ਨਾਬਾਲਗ ਨਾਲ ਜਬਰ-ਜਨਾਹ; ਨੌਜਵਾਨ ਗ੍ਰਿਫ਼ਤਾਰ
ਮੋਗਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਮਹਿਣਾ ਪੁਲੀਸ ਨੇ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਬਾਲਗ ਦੀ ਉਮਰ ਕਰੀਬ 14 ਸਾਲ ਹੈ ਅਤੇ ਉਹ ਅੱਠਵੀਂ ਦੀ ਵਿਦਿਆਰਥਣ ਹੈ। ਪੁਲੀਸ ਮੁਤਾਬਕ ਮੁਲਜ਼ਮ ਦੀ ਪਛਾਣ ਮਨਰਾਜ ਸਿੰਘ ਉਰਫ਼ ਬਾਜ ਵਜੋਂ ਹੋਈ ਹੈ। ਪੀੜਤ ਦੀ ਮੁਲਜ਼ਮ ਨਾਲ ਕਰੀਬ ਸਾਲ ਪਹਿਲਾਂ ਇੰਸਟਾਗ੍ਰਾਮ ਰਾਹੀਂ ਦੋਸਤੀ ਹੋਈ ਸੀ।