ਅਕਾਲੀ ਦਲ ਦੇ ਸਮੁੱਚੇ ਧੜੇ ਪੰਥਕ ਏਕਤਾ ਵੱਲ ਕਦਮ ਵਧਾਉਣ: ਗੜਗੱਜ
ਸ੍ਰੀ ਆਨੰਦਪੁਰ ਸਾਹਿਬ, 3 ਅਪਰੈਲ
ਅੱਜ ਇੱਥੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅਕਾਲੀ ਦਲ ਦਾ ਕੋਈ ਵੀ ਧੜਾ ਇਹ ਦਾਅਵਾ ਨਹੀਂ ਕਰ ਸਕਦਾ ਕਿ ਸਿਰਫ਼ ਉਹੀ ਅਕਾਲ ਤਖ਼ਤ ਨੂੰ ਪੂਰਨ ਤੌਰ ’ਤੇ ਸਮਰਪਿਤ ਹੈ ਅਤੇ ਕੋਈ ਹੋਰ ਦੂਜਾ ਧੜਾ ਉਨ੍ਹਾਂ ਬਰਾਬਰ ਸਮਰਪਿਤ ਨਹੀਂ ਹੈ। ਇਥੇ ਸਮਗਮ ਦੌਰਾਨ ਉਨ੍ਹਾਂ ਕਿਹਾ ਕਿ ਦੋ ਦਸੰਬਰ ਨੂੰ ਅਕਾਲ ਤਖ਼ਤ ਦੀ ਫਸੀਲ ਤੋਂ ਸੁਣਾਏ ਫੁਰਮਾਨ ਅਨੁਸਾਰ ਅਕਾਲੀ ਦਲ ਦੇ ਸਮੁੱਚੇ ਧੜਿਆਂ ਨੂੰ ਇਕੱਠੇ ਹੋ ਪੰਥਕ ਏਕਤਾ ਵੱਲ ਕਦਮ ਵਧਾਉਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ, ਪੰਜਾਬੀਅਤ ਤੇ ਪੰਥ ਖ਼ਿਲਾਫ਼ ਜਾਣ ਬੁੱਝ ਕੇ ਕੁਝ ਲੋਕਾਂ ਵੱਲੋਂ ਗਲਤ ਬਿਰਤਾਂਤ ਸਿਰਜਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਦੱਖਣੀ ਭਾਰਤ ਤੋਂ ਸ਼ੁਰੂ ਹੋ ਕੇ ਸਿੱਖ ਸੰਸਥਾਵਾਂ ਨੂੰ ਖਤਮ ਕਰਨ ਦੀ ਮਨਸ਼ਾ ਰੱਖਣ ਵਾਲੇ ਲੋਕ ਪੰਜਾਬ ਦੀਆਂ ਬਰੂਹਾਂ ’ਤੇ ਆ ਪੁੱਜੇ ਹਨ ਪ੍ਰੰਤੂ ਇਹ ਲੋਕ ਆਪਣੇ ਮਨਸੂਬਿਆਂ ਵਿੱਚ ਕਦੇ ਕਾਮਯਾਬ ਨਹੀਂ ਹੋਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਏ ਤੇ ਇਨ੍ਹਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ।
ਕੈਪਸ਼ਨ: ਜਥੇਦਾਰ ਕੁਲਦੀਪ ਸਿੰਘ ਗੜਗੱਜ।