Hit and run ਗੁਜਰਾਤ ਪੁਲੀਸ ਦੀ ਬਲੈਰੋ ਦੀ ਅਣਪਛਾਤੇ ਟਰੱਕ ਨਾਲ ਟੱਕਰ, ਦੋ ਪੁਲੀਸ ਮੁਲਾਜ਼ਮਾਂ ਸਣੇ ਤਿੰਨ ਹਲਾਕ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 26 ਮਾਰਚ
ਇੱਥੇ ਭਾਰਤਮਾਲਾ ਐਕਸਪ੍ਰੈਸ ਹਾਈਵੇ ’ਤੇ ਅੱਜ ਗੁਜਰਾਤ ਪੁਲੀਸ ਦੀ ਬਲੈਰੋ ਗੱਡੀ ਦੀ ਕਿਸੇ ਅਣਪਛਾਤੇ ਟਰੱਕ ਨਾਲ ਟੱਕਰ ਹੋ ਗਏ। ਹਾਦਸੇ ਵਿਚ ਗੁਜਰਾਤ ਪੁਲੀਸ ਦੇ ਮੁਲਾਜ਼ਮਾਂ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਇੱਕ ਪ੍ਰੋਬੇਸ਼ਨਲ ਸਬ ਇੰਸਪੈਕਟਰ (PSI) ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਏਮਜ਼ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਹੈ।
ਹਾਦਸਾ ਐਕਸਪ੍ਰੈਸ ਵੇਅ ’ਤੇ ਪਿੰਡ ਵੜਿੰਗਖੇੜਾ/ਸੱਕਤਾਖੇੜਾ ਦੇ ਨੇੜੇ ਵਾਪਰਿਆ। ਬਲੈਰੋ ਗੱਡੀ ਵਿੱਚ ਸਵਾਰ ਗੁਜਰਾਤ ਪੁਲੀਸ ਦੇ ਮੁਲਾਜ਼ਮਾਂ ਦੀ ਅਹਿਮਦਾਬਾਦ ਸਿਟੀ ਦੇ ਰਾਮੋਲ ਥਾਣੇ ਵਿੱਚ ਤਾਇਨਾਤੀ ਹੈ, ਜੋ ਕਿ ਕਿਸੇ ਮਾਮਲੇ ਦੀ ਜਾਂਚ ਲਈ ਪੰਜਾਬ ਦੇ ਲੁਧਿਆਣਾ ਸ਼ਹਿਰ ਜਾ ਰਹੇ ਸਨ। ਮੁੱਢਲੀ ਜਾਂਚ ਵਿੱਚ ਹਾਦਸਾ ਬਲੈਰੋ ਗੱਡੀ ਦੇ ਮੂਹਰੇ ਜਾ ਰਹੇ ਕਿਸੇ ਅਣਪਛਾਤੇ ਟਰੱਕ ਵੱਲੋਂ ਐਕਸਪ੍ਰੈਸ ਹਾਈਵੇ ’ਤੇ ਅਚਾਨਕ ਲੇਨ ਬਦਲਣ ਕਰਕੇ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਕਰਕੇ ਗੁਜਰਾਤ ਪੁਲੀਸ ਦੀ ਗੱਡੀ ਟਰੱਕ ਦੇ ਪਿੱਛੇ ਜਾ ਟਕਰਾਈਂ। ਸੂਚਨਾ ਮਿਲਣ ’ਤੇ ਸਦਰ ਡੱਬਵਾਲੀ ਪੁਲੀਸ ਅਮਲੇ ਨੇ ਮੌਕੇ ’ਤੇ ਪੁੱਜ ਕੇ ਰਾਹਤ ਕਾਰਜ ਸ਼ੁਰੂ ਕੀਤਾ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਾਦਸਾਗ੍ਰਸਤ ਬਲੈਰੋ ਵਿਚੋਂ ਬਾਹਰ ਕੱਢਣ ਲਈ ਕਰੇਨ ਦੀ ਮਦਦ ਲੈਣੀ ਪਈ। ਅਣਪਛਾਤਾ ਟਰੱਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਵਾਲੀ ਜਗ੍ਹਾ ਤੋਂ ਸਦਰ ਪੁਲੀਸ ਨੂੰ ਇੱਕ ਟਰੱਕ ਦੀ ਨੰਬਰ ਪਲੇਟਫਾਰਮ ਵੀ ਬਰਾਮਦ ਹੋਈ ਹੈ।
ਮ੍ਰਿਤਕ ਪੁਲੀਸ ਮੁਲਾਜ਼ਮਾਂ ਦੀ ਸ਼ਨਾਖਤ ਹੈੱਡ ਕਾਂਸਟੇਬਲ ਸੁਨੀਲ ਕੁਮਾਰ ਪੁੱਤਰ ਸ਼ਾਂਤੀ ਲਾਲ ਵਾਸੀ ਅਹਿਮਦਾਬਾਦ, ਹੋਮਗਾਰਡ ਮੁਲਾਜ਼ਮ ਰਵਿੰਦਰ ਅਤੇ ਇੱਕ ਹੋਰ ਵਿਅਕਤੀ ਘਣਸ਼ਿਆਮ ਵਜੋਂ ਹੋਈ ਹੈ। ਪ੍ਰੋਬੇਸ਼ਨਲ ਸਬ ਇੰਸਪੈਕਟਰ (PSI) ਜੈ ਇੰਦਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਸਬ ਇੰਸਪੈਕਟਰ ਦੀ ਸੱਜੀ ਲੱਤ ਵਿੱਚ ਫਰੈਕਚਰ ਅਤੇ ਹੋਰ ਕਾਫ਼ੀ ਅੰਦਰੂਨੀ ਸੱਟਾਂ ਲੱਗੀਆਂ ਹਨ। ਥਾਣਾ ਸਦਰ ਕੇ ਮੁਖੀ ਬ੍ਰਹਮ ਪ੍ਰਕਾਸ਼ ਨੇ ਦੱਸਿਆ ਕਿ ਮੌਕੇ ਤੋਂ ਬਰਾਮਦ ਨੰਬਰ ਪਲੇਟ ਦੇ ਅਧਾਰ ’ਤੇ ਅਣਪਛਾਤੇ ਟਰੱਕ ਦੀ ਭਾਲ ਕੀਤੀ ਜਾ ਰਹੀ ਹੈ।