Punjab News - Road Accident: ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨੂੰ ਕੈਂਟਰ ਨੇ ਪਿੱਛੋਂ ਮਾਰੀ ਟੱਕਰ, 1 ਹਲਾਕ 6 ਜ਼ਖ਼ਮੀ
ਨਿਗਾਹੇ ਵਾਲੇ ਪੀਰ ਦੇ ਸਥਾਨ ’ਤੇ ਮੱਥਾ ਟੇਕ ਕੇ ਪਰਤ ਰਹੇ ਸਨ ਟਰੈਕਟਰ-ਟਰਾਲੀ ਸਵਾਰ ਸ਼ਰਧਾਲੂ; ਟਰੈਕਟਰ ਨੂੰ ਅੱਧਾ ਕਿਲੋਮੀਟਰ ਤੱਕ ਧੂਹ ਕੇ ਲੈ ਗਿਆ ਕੈਂਟਰ, ਜਿਸ ਕਾਰਨ ਗਈ ਜਸਮੀਤ ਸਿੰਘ ਦੀ ਜਾਨ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 21 ਮਾਰਚ
ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਭਰੇ ਟਰੈਕਟਰ-ਟਰਾਲੀ ਨੂੰ ਪਿਛੋਂ ਕੈਂਟਰ ਵੱਲੋਂ ਟੱਕਰ ਮਾਰ ਦਿੱਤੇ ਜਾਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ 6 ਹੋਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।
ਜਾਣਕਾਰੀ ਦਿੰਦਿਆਂ ਜ਼ਖ਼ਮੀ ਜਗਦੇਵ ਸਿੰਘ ਅਤੇ ਪਿੰਡ ਵੀਰੇਵਾਲਾ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਤੋਂ ਟਰੈਕਟਰ-ਟਰਾਲੀ ਰਾਹੀਂ ਸ਼ਰਧਾਲੂ ਨਿਗਾਹੇ ਵਾਲੇ ਪੀਰ ਦੇ ਪਿੰਡ ਲੰਗੇਆਨਾ ਵਿਚਲੇ ਸਥਾਨ ’ਤੇ ਮੱਥਾ ਟੇਕਣ ਗਏ ਸਨ। ਉਨ੍ਹਾਂ ਦੱਸਿਆ ਕਿ ਰਾਤ ਨੂੰ ਵਾਪਸ ਆ ਰਹੇ ਸਨ ਤਾਂ ਪਿੰਡ ਚੰਦਬਾਜਾ ਕੋਲ ਪਿਛੋਂ ਆ ਰਹੇ ਇੱਕ ਕੈਂਟਰ ਨੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ।

ਉਨ੍ਹਾਂ ਦੱਸਿਆ ਕਿ ਟਰੈਕਟਰ ਨੂੰ ਕੈਂਟਰ ਅੱਧਾ ਕਿਲੋਮੀਟਰ ਦੇ ਕਰੀਬ ਤੱਕ ਧੂਹ ਕੇ ਲੈ ਗਿਆ, ਜਿਸ ਕਾਰਨ ਟਰੈਕਟਰ ਉਪਰ ਬੈਠਾ ਜਸਮੀਤ ਸਿੰਘ (15 ਸਾਲ) ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਕਾਰਨ ਟਰਾਲੀ ਵਿੱਚ ਬੈਠੇ ਸ਼ਰਧਾਲੂਆਂ ਵਿਚੋਂ 6 ਦੇ ਕਰੀਬ ਜ਼ਖ਼ਮੀ ਹੋ ਗਏ।
ਘਟਨਾ ਦਾ ਪਤਾ ਲੱਗਦਿਆਂ ਹੀ ਚੌਕੀ ਕਲੇਰ ਦੇ ਇੰਚਾਰਜ ਏਐਸਆਈ ਹਰਦੇਵ ਸਿੰਘ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਜਲਾਲਬਾਦ ਵਾਸੀ ਕੈਂਟਰ ਡਰਾਈਵਰ ਖਿਲਾਫ ਕੇਸ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।