ਕੌਮਾਂਤਰੀ ਮਾਰਕੀਟ ਵਿੱਚ ਛਾਇਆ ‘ਗੋਲੀ ਵਾਲਾ ਬੱਤਾ’
Rebranded beverage 'Indian Goli Soda' makes comeback on global stage ਭਾਰਤ ਦਾ ਰਵਾਇਤੀ ਡਰਿੰਕ ‘ਗੋਲੀ ਸੋਡਾ’ ਹੁਣ ਦੇਸ਼ ਦੀਆਂ ਗਲੀਆਂ ਤੋਂ ਹੁੰਦਾ ਹੋਇਆ ਵਿਦੇਸ਼ੀ ਮਾਰਕੀਟ ਵਿੱਚ ਵੀ ਛਾਇਆ ਹੋਇਆ ਹੈ। ਹਾਲ ਹੀ ਵਿੱਚ ਆਈ ਇਕ ਰਿਪੋਰਟ ਅਨੁਸਾਰ ਇਸ ਦੀ ਅਮਰੀਕਾ, ਬ੍ਰਿਟੇਨ, ਯੂਰਪ ਅਤੇ ਖਾੜੀ ਦੇਸ਼ਾਂ ਸਮੇਤ ਮੁੱਖ ਕੌਮਾਂਤਰੀ ਬਾਜ਼ਾਰਾਂ ਵਿੱਚ ਵੱਡੀ ਮੰਗ ਹੈ। ‘ਗੋਲੀ ਸੋਡਾ’ ਨੂੰ ਕੰਚੇ ਵਾਲੀ ਬੋਤਲ, ਅਤੇ ਪੰਜਾਬੀ ਭਾਸ਼ਾ ਵਿੱਚ ਗੋਲੀ ਵਾਲਾ ਬੱਤਾ ਵੀ ਕਿਹਾ ਜਾਂਦਾ ਹੈ। ਇਹ ਸੋਡੇ ਦੀ ਬੋਤਲ ਤੁਹਾਨੂੰ ਭਾਰਤ ਦੇ ਹਰ ਸ਼ਹਿਰ, ਪਿੰਡ, ਗਲੀ ਅਤੇ ਨੁੱਕੜ ’ਤੇ ਆਮ ਦੇਖਣ ਨੂੰ ਮਿਲ ਜਾਂਦੀ ਹੈ।
ਇਕ ਅਧਿਕਾਰਤ ਬਿਆਨ ਵਿੱਚ ਐਤਵਾਰ ਨੂੰ ਕਿਹਾ ਗਿਆ ਕਿ ਇਸ ਨੂੰ ਲੈ ਕੇ ਉਪਭੋਗਤਾਵਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ, ਜੋ ਰਣਨੀਤਕ ਵਿਸਤਾਰ ਅਤੇ ਨਵੇਂ ਵਿਕਾਸ ਕਾਰਨ ਹੋ ਰਿਹਾ ਹੈ। ਵਣਜ ਮੰਤਰਾਲੇ ਦੀ ਇਕਾਈ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ) ਨੇ ਕਿਹਾ ਕਿ ਫੇਅਰ ਐਕਸਪੋਰਟਸ ਨਾਲ ਰਣਨੀਤਕ ਸਾਂਝੇਦਾਰੀ ਤਹਿਤ, ਭਾਰਤ ਨੇ ਖਾੜੀ ਖੇਤਰ ਦੀ ਸਭ ਤੋਂ ਵੱਡੀ ਰਿਟੇਲ ਚੇਨ ਲੁਲੂ ਹਾਈਪਰਮਾਰਕੀਟ ਨੂੰ ‘ਗੋਲੀ ਸੋਡਾ’ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਗੋਲੀ ਪੌਪ ਸੋਡਾ ਦੇ ਰੂਪ ਵਿੱਚ ਇਸ ਦੀ ਮੁੜ-ਬਰਾਂਡਿੰਗ ਕੀਤੀ ਗਈ ਹੈ।
ਬਿਆਨ ਵਿੱਚ ਕਿਹਾ ਗਿਆ ਕਿ ਇਕ ਸਮੇਂ ਬਹੁਤ ਹੀ ਪਸੰਦ ਕੀਤੀ ਜਾਣ ਵਾਲੀ ਡਰਿੰਕ ਹੁਣ ਨਵੀਨੀਕਰਨ ਅਤੇ ਕੌਮਾਂਤਰੀ ਵਿਸਤਾਰ ਰਾਹੀਂ ਵਿਸ਼ਵ ਪੱਧਰ ਉੱਤੇ ਸ਼ਾਨਦਾਰ ਵਾਪਸੀ ਕਰ ਰਿਹਾ ਹੈ। ਬਿਆਨ ਅਨੁਸਾਰ ਉਤਪਾਦ ਨੇ ਪਹਿਲਾਂ ਹੀ ਅਮਰੀਕਾ, ਬ੍ਰਿਟੇਨ, ਯੂਰਪ ਅਤੇ ਖਾੜੀ ਦੇਸ਼ਾਂ ਸਮੇਤ ਵਿਸ਼ਵ ਬਾਜ਼ਾਰਾਂ ਵਿੱਚ ਮਜ਼ਬੂਤ ਥਾਂ ਬਣਾਈ ਹੈ। ਗੋਲੀ ਪੌਪ ਸੋਡਾ ਦੀ ਵਿਲੱਖਣ ਪੈਕੇਜਿੰਗ ਇਸ ਨੂੰ ਖਾਸ ਬਣਾਉਂਦੀ ਹੈ, ਇਸ ਮੁੜ—ਬਰਾਂਡਿੰਗ ਨੇ ਅੰਤਰਰਾਸ਼ਟਰੀ ਬਾਜ਼ਾਰਾਂ ਨੂੰ ਆਕਰਸ਼ਤ ਕੀਤਾ ਹੈ, ਜਿਸ ਕਰਕੇ ਇਹ ਡਰਿੰਕ ਇੱਕ ਚੰਗੇ ਉਤਪਾਦ ਵਜੋਂ ਸਥਾਪਿਤ ਹੋ ਰਿਹਾ ਹੈ। -ਏਐੱਨਆਈ